ਨਰਿੰਦਰ ਸਿੰਘ
ਭਿੱਖੀਵਿੰਡ, 23 ਅਪਰੈਲ
ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਢੋਲਣ ਵਿਚ ਪ੍ਰੇਮ ਸਬੰਧਾਂ ਦੇ ਚੱਲਦੇ ਲੜਕੀ ਦੇ ਪਰਿਵਾਰ ਵੱਲੋਂ ਧਮਕਾਉਣ ’ਤੇ ਅੱਜ ਲਵਪ੍ਰੀਤ ਸਿੰਘ (16) ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਵਲਟੋਹਾ ਦੀ ਪੁਲੀਸ ਨੇ ਪਿੰਡ ਢੋਲਣ ਵਿਚ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ। ਇਸੇ ਦੌਰਾਨ ਲਵਪ੍ਰੀਤ ਸਿੰਘ ਵੱਲੋ ਲਿਖਿਆ ਸੁਸਾਈਟ ਨੋਟ ਵੀ ਪੁਲੀਸ ਨੂੰ ਮਿਲਿਆ ਹੈ ਅਤੇ ਉਸ ਨੇ ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਹੈ।
ਲਵਪ੍ਰੀਤ ਸਿੰਘ ਦੇ ਭਰਾ ਸਿਕੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਆਪਣੇ ਗੁਆਂਢ ਰਹਿੰਦੀ ਲੜਕੀ ਨਾਲ ਪ੍ਰੇਮ ਕਰਦਾ ਸੀ ਪਰ ਲੜਕੀ ਦੇ ਪਰਿਵਾਰ ਦੇ ਕਹਿਣ ’ਤੇ ਉਨ੍ਹਾਂ ਨੇ ਲਵਪ੍ਰੀਤ ਸਿੰਘ ਨੂੰ ਪਿੰਡੋਂ ਬਾਹਰ ਕਸਬਾ ਰਈਆ ਵਿੱਚ ਕੰਮ ਕਰਨ ਲਈ ਭੇਜ ਦਿੱਤਾ ਸੀ। ਇਸ ਦੇ ਬਾਵਜੂਦ ਪਿੰਡ ਵਿੱਚ ਆਰਜ਼ੀ ਤੌਰ ’ਤੇ ਸਰਪੰਚੀ ਕਰਦੇ ਹਰਜੀਤ ਸਿੰਘ ਸ਼ਾਹ ਵੱਲੋਂ ਅਤੇ ਲੜਕੀ ਦੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਗਈਆਂ ਕਿ ਲਵਪ੍ਰੀਤ ਨੂੰ ਪਿੰਡ ਵਾਪਸ ਬੁਲਾਓ ਤੇ ਉਹ ਉਸ ਨੂੰ ਜਾਨੋਂ ਮਾਰ ਕੇ ਖੁਦ ਆਪਣੇ ’ਤੇ ਪਰਚੇ ਦਰਜ ਕਰਵਾਉਣਗੇ। ਇਸੇ ਦੌਰਾਨ ਲੜਕੇ ਨੂੰ ਵੀ ਫੋਨ ਉੱਪਰ ਧਮਕੀਆਂ ਦਿੱਤੀਆਂ ਗਈਆਂ। ਇਸ ਮਗਰੋਂ ਲੜਕਾ ਜ਼ਹਿਰੀਲੀ ਦਵਾਈ ਲੈ ਕੇ ਪਿੰਡ ਪੁੱਜਾ ਅਤੇ ਵੀਡੀਓ ਬਣਾ ਕੇ ਆਤਮਹੱਤਿਆ ਕਰ ਲਈ। ਲਵਪ੍ਰੀਤ ਸਿੰਘ ਨੂੰ ਪਾਲਣ ਵਾਲੀ ਉਸ ਦੀ ਭੂਆ ਨੇ ਦੱਸਿਆ ਕਿ ਜਿਨ੍ਹਾਂ ਚਿਰ ਉਸ ਨੂੰ ਇਨਸਾਫ ਨਹੀਂ ਮਿਲਦਾ, ਉਨ੍ਹਾਂ ਚਿਰ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਲੜਕੀ ਦਾ ਪਰਿਵਾਰ ਘਰੋਂ ਫ਼ਰਾਰ
ਥਾਣਾ ਵਲਟੋਹਾ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਸਰਪੰਚ ਵੱਲੋਂ ਦਿੱਤੀਆਂ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਲੜਕੀ ਦਾ ਪਰਿਵਾਰ ਘਰੋਂ ਫ਼ਰਾਰ ਹੈ ਅਤੇ ਆਰਜ਼ੀ ਤੌਰ ’ਤੇ ਸਰਪੰਚੀ ਕਰ ਰਹੇ ਹਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਹੈ ਤੇ ਉਸ ਨੂੰ ਫਸਾਇਆ ਜਾ ਰਿਹਾ ਹੈ।