ਲਖਨਪਾਲ ਸਿੰਘ
ਮਜੀਠਾ, 10 ਜੁਲਾਈ
ਪਿੰਡ ਨੰਗਲ ਪੰਨਵਾਂ ਦੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਸੋਹਣ ਲਾਲ ਵਾਸ਼ੀ ਨੰਗਲ ਪੰਨਵਾ ਨੇ ਪੁਲੀਸ ਥਾਣਾ ਮਜੀਠਾ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਾਉਦਿਆਂ ਦੱਸਿਆ ਕਿ ਪਿੰਡ ਨਾਗਖੁਰਦ ਦੇ ਵਸਨੀਕ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਨੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਡੇਢ ਲੱਖ ਰੁਪਏ ਠੱਗ ਲਏ। ਜਿਸ ’ਤੋ ਪ੍ਰੇਸ਼ਾਨ ਹੋ ਕੇ ਉਸ ਦੇ ਪੁੱਤਰ ਰਾਘਵ ਸ਼ਰਮਾ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਮਜੀਠਾ ਪੁਲੀਸ ਨੇ ਮ੍ਰਿਤਕ ਦੇ ਪਿਤਾ ਸੋਹਣ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਮਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਨਾਗ ਖੁਰਦ ਖ਼ਿਲਾਫ਼ ਪੁਲੀਸ ਥਾਣਾ ਮਜੀਠਾ ਥਾਣਾ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਵਿੱਚ ਅਮਲ ’ਚ ਲਿਆਂਦੀ ਹੈ। ਅੱਜ ਮ੍ਰਿਤਕ ਦੇ ਪਿਤਾ ਸੋਹਣ ਲਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਥਾਣਾ ਮਜੀਠਾ ਅੱਗੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਧਾਰਨਾਕਾਰੀਆਂ ਨੇ ਦੋਸ਼ ਲਾਉਦਿਆਂ ਕਿਹਾ ਕਿ ਮ੍ਰਿਤਕ ਰਾਘਵ ਸ਼ਰਮਾ ਅਤੇ ਉਸਦੇ ਚਾਚੇ ਦਾ ਲੜਕਾ ਅਕਾਸ਼ ਚੰਦਰ ਬੀਤੀ ਪਹਿਲੀ ਜੁਲਾਈ 2022 ਨੂੰ ਆਪਣੇ ਨਾਲ ਵੱਜੀ ਠੱਗੀ ਦੀ ਮਨਦੀਪ ਸਿੰਘ ਖ਼ਿਲਾਫ਼ ਮਜੀਠਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਣ ਗਏ, ਉਥੇ ਮੌਜੂਦ ਮੁੱਖ ਮੁਨਸ਼ੀ ਜਗਰੂਪ ਸਿੰਘ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਸਗੋਂ ਉਨ੍ਹਾਂ ਨਾਲ ਬੁਰਾ ਵਰਤਾਓ ਕੀਤਾ। ਉਨ੍ਹਾ ਮੰਗ ਕੀਤੀ ਕਿ ਮੁਨਸ਼ੀ ਜਗਰੂਪ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਡੀਐੱਸਪੀ ਮਜੀਠਾ ਮਨਮੋਹਣ ਸਿੰਘ ਔਲਖ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਦੀ ਮੰਗ ’ਤੇ ਮੁਨਸ਼ੀ ਜਗਰੂਪ ਸਿੰਘ ਨੂੰ ਪੁਲੀਸ ਲਾਈਨ ਲਈ ਰਵਾਨਾ ਕਰਕੇ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਭੇਜਣ ਦਾ ਭਰੋਸਾ ਦੇ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਮੁੜ ਤੋਂ ਆਵਾਜਾਈ ਬਹਾਲ ਕਰਵਾਈ।