ਮਕਬੂਲ ਅਹਿਮਦ
ਕਾਦੀਆਂ, 5 ਜੁਲਾਈ
ਹਰਚੋਵਾਲ-ਕਾਦੀਆਂ ਰੋਡ ਤੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਆਤਮਹੱਤਿਆ ਕਰ ਲਈ ਗਈ। ਜਾਣਕਾਰੀ ਮੁਤਾਬਕ ਮਨਜੀਤ ਸਿੰਘ (42) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧੰਦੋਈ ਜੋ ਛੋਟਾ ਹਾਥੀ ਚਲਾਉਂਦਾ ਸੀ, ਨੂੰ ਲੈ ਕੇ ਜਦੋਂ ਪਿੰਡ ਨੰਗਲ ਬਾਗ਼ਬਾਨਾ ਕੋਲ ਸਥਿਤ ਐੱਸਆਰ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਉਸ ਨੇ ਆਪਣਾ ਛੋਟਾ ਹਾਥੀ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ ਤੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚ ਗਈ। ਮ੍ਰਿਤਕ ਦੀ ਜੇਬ੍ਹ ’ਚੋਂ ਪੁਲੀਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਐੱਸਐੱਚਓ ਸੁਖਰਾਜ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਲਾਸ਼ ਕੋਲੋਂ ਇੱਕ ਸਲਫ਼ਾਸ ਦੀ ਡੱਬੀ ਤੇ ਸੁਸਾਈਡ ਨੋਟ ਮਿਲਿਆ ਹੈ। ਜਿਸ ਵਿੱਚ ਉਸ ਨੇ ਆਪਣੀ ਸਾਬਕਾ ਪਤਨੀ, ਉਸ ਦੇ ਸਾਂਢੂ ਤੇ ਉਸਦੀ ਬੇਟੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੀ ਸਾਬਕਾ ਪਤਨੀ ਤੇ ਉਸ ਦੇ ਦੋ ਰਿਸ਼ਤੇਦਾਰਾਂ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਰਤਕ ਦੇ ਪਰਿਵਾਰ ਦੇ ਬਿਆਨਾਂ ਤੇ ਸੁਸਾਈਡ ਨੋਟ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।