ਵਾਹ ਨੀ ਸਰਕਾਰੇ! ਤੇਰੇ ਲਾਰਿਆਂ ਨੇ ਮਾਰੇ!

ਵਾਹ ਨੀ ਸਰਕਾਰੇ! ਤੇਰੇ ਲਾਰਿਆਂ ਨੇ ਮਾਰੇ!

ਮੁਕੇਰੀਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪਾਵਰਕੌਮ ਦੇ ਮੁਲਾਜ਼ਮ।

ਗੁਰਮੀਤ ਖੋਸਲਾ
ਸ਼ਾਹਕੋਟ, 6 ਅਗਸਤ

ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਬਲਜੀਤ ਕੁਲਾਰ, ਕੁਲਵੀਰ ਸਿੰਘ ਅਤੇ ਰਾਜਿੰਦਰ ਕੁਮਾਰ ਮਹਿਤਪੁਰ ਦੀ ਅਗਵਾਈ ਹੇਠ ਐੱਸਡੀਐੱਮ ਦਫ਼ਤਰ ਨਕੋਦਰ ਦੇ ਬਾਹਰ ਪੰਜਾਬ ਸਰਕਾਰ ਦੀ ਅਰਥੀ ਫੂਕੀ। 

ਇਸ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਮੁਲਾਜ਼ਮਾਂ ਵੱਲੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਹੱਕਾਂ ਨੂੰ ਖੋਹ ਰਹੀ ਹੈ। ਇੱਕ ਪਾਸੇ ਸਰਕਾਰ ਮੁਲਾਜ਼ਮਾਂ ਨੂੰ ਘਰਾਂ ਵਿੱਚੋਂ ਹੀ ਸਰਕਾਰੀ ਕੰਮ ਕਰਨ ਦੇ ਫ਼ਰਮਾਨ ਜਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਨਿਗੂਣੇ ਮੋਬਾਈਲ ਭੱਤੇ ’ਤੇ ਵੀ ਕੈਂਚੀ ਫੇਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਲਗਾਈ ਰੋਕ ਹਟਾਈ ਜਾਵੇ, ਘਟਾਏ ਮੋਬਾਈਲ ਭੱਤੇ ਵਾਲਾ ਤੇ ਕੇਂਦਰੀ ਤਨਖ਼ਾਹ ਸਕੇਲ ਤੇ ਨਵੀਂ ਭਰਤੀ ਕਰਨ ਵਾਲਾ ਪੱਤਰ ਵਾਪਸ ਲਿਆ ਜਾਵੇ,   ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।

ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ, ਪੰਜਾਬ ਯੂਟੀ ਮੁਲਾਜ਼ਮ, ਸਾਂਝਾ ਫਰੰਟ ਤੇ ਮੁਲਾਜ਼ਮ ਭਲਾਈ ਬੋਰਡ ਵੱਲੋਂ ਸਰਕਾਰ ਦੇ ਮੁਲਾਜ਼ਮ ਮਾਰੂ ਫ਼ੈਸਲਿਆਂ ਖਿਲਾਫ਼ ਉਪ ਮੰਡਲ ਦਸੂਹਾ ਸ਼ਹਿਰੀ, ਦਿਹਾਤੀ ਤੇ ਮੰਡਲ ਦਫਤਰ ਦੇ ਮੁਲਾਜ਼ਮਾਂ ਵੱਲੋ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਮੰਡਲ ਪ੍ਰਧਾਨ ਰਾਮ ਸਰਨ ਪਰਾਸ਼ਰ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੇ ਡੀਏ ਦੀਆਂ ਕਿਸ਼ਤਾਂ ਦੱਬੀ ਬੈਠੀ ਹੈ ਤੇ ਉਪਰੋਂ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਪਹਿਲਾ ਤੋਂ ਮਿਲਦੇ ਭੱਤਿਆ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸੁਰਿੰਦਰ ਸਿੰਘ ਪਹਿਲਾਵਾਨ ਤੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਖਿਲਾਫ਼ ਤਾਨਾਸ਼ਾਹੀ ਫੁਰਮਾਨ ਜਲਦ ਵਾਪਸ ਨਾ ਲਏ ਗਏ ਤਾਂ 10 ਤੋਂ 14 ਅਗਸਤ ਤੱਕ ਕੈਪਟਨ ਵਜ਼ਾਰਤ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ 18 ਅਗਸਤ ਨੂੰ ਸੂਬੇ ਦੇ ਸਾਰੇ ਦਫ਼ਤਰਾਂ ਵਿੱਚ ਹਾਜ਼ਰੀ ਲਗਵਾਉਣ ਮਗਰੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੁਜ਼ਾਹਰਾਕਾਰੀਆਂ ਵਿੱਚ ਸ਼ਹਿਰੀ ਉਪ ਮੰਡਲ ਪ੍ਰਧਾਨ ਰਜਿੰਦਰ ਸਿੰਘ, ਦਿਹਾਤੀ ਉਪ ਮੰਡਲ ਪ੍ਰਧਾਨ ਸੁਰਿੰਦਰ ਸਿੰਘ ਟੇਰਕਿਆਣਾ ਚੇ ਮਨਦੀਪ ਠਾਕੁਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਸ਼ਾਮਲ ਸਨ।    

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All