ਐਨਪੀ.ਧਵਨ
ਪਠਾਨਕੋਟ, 15 ਅਪਰੈਲ
ਪੰਛੀਆਂ ਦੀ ਅਲੋਪ ਹੋ ਰਹੀ ਨਸਲ ‘ਗਿਰਝ’ ਨੂੰ ਬਚਾਉਣ ਲਈ ਧਾਰ ਬਲਾਕ ਦੇ ਪਿੰਡ ਨਿਆੜੀ ਵਿੱਚ ਬੰਦ ਪਏ ‘ਵਲਚਰ ਰੈਸਟੋਰੈਂਟ’ ਨੂੰ ਮੁੜ ਚਾਲੂ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਉਪਰ 7 ਲੱਖ 35 ਹਜ਼ਾਰ ਰੁਪਏ ਖਰਚੇ ਜਾ ਰਹੇ ਹਨ।
ਜੰਗਲੀ ਜੀਵ ਰੱਖਿਆ ਵਿਭਾਗ ਦੇ ਡੀਐੱਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਧਾਰ ਬਲਾਕ ਦੇ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਇੱਕ ਐਸਾ ਖੇਤਰ ਹੈ, ਜਿੱਥੇ ਗਿਰਝਾਂ ਮੌਜੂਦ ਹਨ। ਇਨ੍ਹਾਂ ਦੀ ਗਿਰਝਾਂ ਦੀ ਗਿਣਤੀ ਨੂੰ ਹੋਰ ਵਧਾਉਣ ਲਈ ਧਾਰਕਲਾਂ ਦੇ ਨਿਆੜੀ ਵਿੱਚ ਸਾਲ 2009 ਵਿੱਚ 21 ਲੱਖ ਰੁਪਏ ਦੀ ਲਾਗਤ ਨਾਲ ‘ਵਲਚਰ ਰੈਸਟੋਰੈਂਟ’ ਖੋਲ੍ਹਿਆ ਗਿਆ ਸੀ। ਜਿਸ ਦੇ ਨਤੀਜੇ ਉਸ ਵੇਲੇ ਬੜੇ ਸਾਰਥਕ ਨਿਕਲੇ ਸਨ ਅਤੇ ਧਾਰ ਬਲਾਕ ਅੰਦਰ ਗਿਰਝਾਂ ਦੀ ਗਿਣਤੀ ਚਾਰ-ਪੰਜ ਸੌ ਤੱਕ ਪੁੱਜ ਗਈ ਸੀ ਪਰ ਬਾਅਦ ਵਿੱਚ ਇਹ ਰੈਸਟੋਰੈਂਟ ਫੰਡਾਂ ਦੀ ਘਾਟ ਕਾਰਨ ਬੰਦ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨ ਨੇ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਤੇ 7 ਲੱਖ 35 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ। ਇਨ੍ਹਾਂ ਜਾਰੀ ਹੋਏ ਫੰਡਾਂ ਨਾਲ ਪਿੰਡ ਚੰਡੋਲਾ ਵਿੱਚ ਫੀਡਿੰਗ ਪਲੇਟਫਾਰਮ ਬਣਾਇਆ ਗਿਆ ਹੈ, ਜਿਥੇ ਗਿਰਝਾਂ ਨੂੰ ਖਾਣ ਲਈ ਜਾਨਵਰਾਂ ਦਾ ਮਾਸ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ 2 ਵਾਟਰ ਪੁਆਇੰਟ ਬਣਾਏ ਜਾਣਗੇ ਤਾਂ ਜੋ ਗਿਰਝਾਂ ਉਥੋਂ ਪਾਣੀ ਪੀ ਸਕਣ। ਇਸ ਫੀਡਿੰਗ ਪਲੇਟਫਾਰਮ ਦੇ ਆਲੇ-ਦਆਲੇ ਬਾਂਸਾਂ ਦੀ ਚਾਰਦੀਵਾਰੀ ਬਣਾਈ ਜਾ ਰਹੀ ਹੈ ਤਾਂ ਜੋ ਅਵਾਰਾ ਜਾਨਵਰ ਕੁੱਤੇ ਵਗੈਰਾ ਅੰਦਰ ਨਾ ਜਾ ਸਕਣ।