ਰਾਣਾ/ਸੱਖੋਵਾਲੀਆ
ਸ੍ਰੀ ਹਰਗੋਬਿੰਦਪੁਰ/ਬਟਾਲਾ, 5 ਜਨਵਰੀ
ਪਿੰਡ ਮੰਡ ਦੀਆਂ ਔਰਤਾਂ ਦਾ ਆਪਣੀਆਂ ਹੱਕੀ ਮੰਗਾਂ ਲਈ ਬਲਾਕ ਵਿਕਾਸ ਪੰਚਾਇਤ ਦਫ਼ਤਰ ਸ੍ਰੀ ਹਰਗੋਬਿੰਦਪੁਰ ਅੱਗੇ ਹੱਡ ਚੀਰਵੀਂ ਠੰਢ ਅਤੇ ਵਰ੍ਹਦੇ ਮੀਂਹ ਵਿੱਚ ਵੀ ਧਰਨਾ ਜਾਰੀ ਰਿਹਾ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਪਿੰਡ ’ਚ ਵਿਕਾਸ ਕਾਰਜਾਂ ’ਚ ਰਾਜਸੀ ਵਿਤਕਰਾ ਕੀਤਾ ਜਾ ਰਿਹਾ ਹੈ। ਅੱਜ ਦੇ ਧਰਨੇ ਵਿੱਚ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਧੀ ਸ਼ੁਭਸੀਰਤ ਕੌਰ ਸ਼ਾਮਲ ਹੋਈ। ਉਨ੍ਹਾਂ ਨੇ ਬੀਡੀਪੀਓ, ਡੀਡੀਪੀਓ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤੋਂ ਮੰਗ ਕੀਤੀ ਕਿ ਪਿੰਡ ਮੰਡ ਦੇ ਬਾਸ਼ਿੰਦਿਆਂ ਨੂੰ ਨਿਆਂ ਦਿੱਤਾ ਜਾਵੇ ਅਤੇ ਰਾਜਸੀ ਵਿਤਕਰਾ ਬੰਦ ਕੀਤਾ ਜਾਵੇ। ਇਸ ਮੌਕੇ ਧਰਨਾਕਾਰੀ ਔਰਤਾਂ ਨੇ ਦੱਸਿਆ ਕਿ ਹਾਕਮ ਧਿਰ ਦੇ ਲੋਕਾਂ ਦੇ ਸੀਵਰੇਜ ਪੈ ਗਿਆ ਤੇ ਚਾਲੂ ਵੀ ਹੋ ਗਿਆ ਹੈ, ਪਰ ਵਿਰੋਧੀ ਧਿਰ ਵੱਲ ਲੰਘੇ ਕਈ ਮਹੀਨਿਆਂ ਤੋਂ ਕੰਮ ਅਧੂਰਾ ਪਿਆ ਹੈ। ਇਸ ਮੌਕੇ ਪੰਚ ਦਲਜਿੰਦਰ ਕੌਰ, ਮਨਜੀਤ ਕੌਰ ਘੁਮਾਣ, ਰਾਜਬੀਰ ਕੌਰ, ਜਸਬੀਰ ਕੌਰ ਤੇ ਸ਼ਿਵੰਦਰ ਕੌਰ ਸਮੇਤ ਹੋਰ ਵੀ ਹਾਜ਼ਰ ਸਨ। ਬੀਡੀਪੀਓ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਚੋਣ ਟ੍ਰੇਨਿੰਗ ਹੋਣ ਕਾਰਨ ਕੁਝ ਨਹੀਂ ਦੱਸ ਸਕਦੇ।