ਪੱਤਰ ਪ੍ਰੇਰਕ
ਦੀਨਾਨਗਰ, 10 ਮਾਰਚ
ਦੀਨਾਨਗਰ ਹਲਕੇ ਅੰਦਰ ਆਮ ਆਦਮੀ ਪਾਰਟੀ ਦੀਆਂ ਗਿਣਤੀ-ਮਿਣਤੀਆਂ ਨੂੰ ਫ਼ੇਲ੍ਹ ਕਰਦਿਆਂ ਕਾਂਗਰਸੀ ਉਮੀਦਵਾਰ ਅਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਜਿੱਤ ਦੀ ਹੈਟ੍ਰਿਕ ਬਣਾਈ ਹੈ। ਉਨ੍ਹਾਂ ਇਲਾਕੇ ਅੰਦਰ ਆਮ ਆਦਮੀ ਪਾਰਟੀ ਦੀ ਹਵਾ ਹੋਣ ਦੇ ਬਾਵਜੂਦ ਕੁੱਲ 51133 ਵੋਟਾਂ ਹਾਸਲ ਕਰਕੇ ‘ਆਪ’ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 1131 ਵੋਟਾਂ ਦੇ ਅੰਤਰ ਨਾਲ ਹਰਾਇਆ। ਭਾਜਪਾ ਉਮੀਦਵਾਰ ਰੇਣੂ ਕਸ਼ਯਪ ਤੀਸਰੇ ਅਤੇ ਬਸਪਾ-ਅਕਾਲੀ ਦਲ ਗੱਠਜੋੜ ਉਮੀਦਵਾਰ ਕਮਲਜੀਤ ਚਾਵਲਾ ਚੌਥੇ ਨੰਬਰ ’ਤੇ ਰਹੇ। ਇਸ ਮੌਕੇ ਅਰੁਨਾ ਚੌਧਰੀ ਨੇ ਕੁੱਲ ਚੌਥੀ ਵਾਰ ਦੀਨਾਨਗਰ ਦੀ ਨੁਮਾਇੰਦਗੀ ਦੇਣ ਲਈ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਜਿੱਤ ਨੂੰ ਵਿਕਾਸ ਦੀ ਜਿੱਤ ਦੱਸਿਆ।