ਗੁਰਬਖਸ਼ਪੁਰੀ
ਤਰਨ ਤਾਰਨ, 6 ਮਾਰਚ
ਸੰਯੁਕਤ ਸਮਾਜ ਮੋਰਚਾ ਸੂਬੇ ਅੰਦਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਮਾਜ ਦੇ ਸਭਨਾਂ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਮੈਦਾਨ ਵਿੱਚ ਨਿੱਤਰੇਗਾ ਤੇ ਆਪਣਾ ਸਮਾਜ ਪੱਖੀ ਏਜੰਡਾ ਲੋਕਾਂ ਸਾਹਮਣੇ ਪੇਸ਼ ਕਰੇਗਾ| ਇਹ ਵਿਚਾਰ ਮੋਰਚਾ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇਲਾਕੇ ਦੇ ਪਿੰਡ ਨੌਸ਼ਹਿਰਾ ਪਨੂੰਆਂ ਵਿੱਚ ਮੋਰਚਾ ਦੇ ਮਾਝਾ ਜ਼ੋਨ ਦੇ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ| ਮੀਟਿੰਗ ਦੀ ਅਗਵਾਈ ਮੋਰਚਾ ਦੇ ਜਨਰਲ ਸਕੱਤਰ ਕੰਵਲਪ੍ਰੀਤ ਸਿੰਘ ਪਨੂੰ ਨੇ ਕੀਤੀ| ਇਸ ਮੌਕੇ ਆਪਣੇ ਸੰਬੋਧਨ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਰਚਾ ਦੇ ਉਮੀਦਵਾਰਾਂ ਨੇ ਆਪਣੇ ਸੀਮਿਤ ਸਾਧਨਾਂ ਨਾਲ ਅਥਾਹ ਧਨ ਅਤੇ ਅਸੀਮਤ ਸਾਧਨਾਂ ਵਾਲੇ ਉਮੀਦਵਾਰਾਂ ਦਾ ਦਲੇਰੀ ਨਾਲ ਟਾਕਰਾ ਕੀਤਾ ਹੈ| ਉਨ੍ਹਾਂ ਕਿਹਾ ਕਿ ਮੋਰਚਾ ਸਭ ਲਈ ਮੁਫ਼ਤ ਵਿੱਦਿਆ, ਮਿਆਰੀ ਸਿਹਤ ਸਹੂਲਤਾਂ, ਸਭ ਲਈ ਰੁਜ਼ਗਾਰ ਦੇ ਨਾਲ ਸੂਬੇ ਵਿੱਚੋਂ ਨਸ਼ਾ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਨੂੰ ਪ੍ਰਮੁੱਖਤਾ ਦੇਵੇਗਾ ਅਤੇ ਇਸ ਏਜੰਡੇ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਾਰਿਆ ਜਾਵੇਗਾ। 2024 ਦੀਆਂ ਪਾਰਲੀਮੈਂਟ ਚੋਣਾਂ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਲੜੇਗਾ। ਉਨ੍ਹਾਂ ਕਿਹਾ ਕਿ ਮੋਰਚਾ ਕਾਰਪੋਰੇਟ ਨੂੰ ਦੇਸ਼ ਵਿੱਚੋਂ ਕੱਢਣ ਨੂੰ ਵੀ ਪਹਿਲ ਦੇ ਤੌਰ ’ਤੇ ਲਵੇਗਾ। ਇਸ ਮੌਕੇ ਮੋਰਚਾ ਦੇ ਕੈਸ਼ੀਅਰ ਬੋਘ ਸਿੰਘ ਮਾਨਸਾ, ਪ੍ਰੋ. ਮਨਜੀਤ ਸਿੰਘ ਤੋਂ ਇਲਾਵਾ ਮੋਰਚੇ ਦੇ ਉਮੀਦਵਾਰ ਡਾ. ਸੁਖਮਨਦੀਪ ਸਿੰਘ ਢਿੱਲੋਂ, ਸੁਰਜੀਤ ਸਿੰਘ ਭੂਰਾ, ਹਰਜਿੰਦਰ ਸਿੰਘ ਟਾਂਡਾ, ਡਾ. ਕਮਲਜੀਤ ਸਿੰਘ, ਬਲਜਿੰਦਰ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਰਾਜੂ, ਰੇਸ਼ਮ ਸਿੰਘ, ਸਿਰਤਾਜ ਸਿੰਘ ਵੀ ਹਾਜ਼ਰ ਸਨ।