ਗੁਰਬਖਸ਼ਪੁਰੀ
ਤਰਨ ਤਾਰਨ, 5 ਸਤੰਬਰ
ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਜੰਗਲੀ ਜੀਵ ਰੱਖ ਹਰੀਕੇ ਦੇ ਅਧਿਕਾਰੀਆਂ-ਕਰਮਚਾਰੀਆਂ ਦੀ ਟੀਮ ਨੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਕੇ ਉਨ੍ਹਾਂ ਦਾ ਮੀਟ ਬਣਾ ਕੇ ਮਾਰਕੀਟ ਵਿੱਚ ਵੇਚਣ ਵਾਲੇ ਵਿਅਕਤੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੂੰ ਅੱਜ ਪੱਟੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਦੇ ਅਪਰਾਧ ਨੂੰ ਗੈਰ ਜ਼ਮਾਨਤ ਯੋਗ ਕਰਾਰ ਦੇ ਕੇ ਸਬ ਜੇਲ੍ਹ ਪੱਟੀ ਜੇਲ੍ਹ ਭੇਜ ਦਿੱਤਾ ਹੈ| ਵਿਭਾਗ ਦੀ ਹਰੀਕੇ ਰੇਂਜ ਦੇ ਵਣ ਰੇਂਜ ਅਧਿਕਾਰੀ ਕਮਲਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਸ਼ਨਾਖਤ ਗੋਰਾ ਵਾਸੀ ਤਲਵੰਡੀ ਨਿਪਾਲਾ (ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ) ਦੇ ਤੌਰ ’ਤੇ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬਾਰੇ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਉਨ੍ਹਾਂ ਦਾ ਆਪਣੇ ਘਰ ਮੀਟ ਤਿਆਰ ਕਰ ਕੇ ਮਾਰਕੀਟ ਵਿੱਚ ਵੇਚਣ ਦਾ ਧੰਦਾ ਕਰਦਾ ਹੈ। ਅਧਿਕਾਰੀ ਨੇ ਕਿਹਾ ਕਿ ਵਿਭਾਗ ਦੀ ਇਕ ਟੀਮ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉੱਥੋਂ 25 ਜਿਉਂਦੇ ਕੱਛੂਕੁੰਮੇ, ਜੰਗਲੀ ਸੂਰਾਂ ਦੇ ਕੱਟੇ ਹੋਏ ਤਿੰਨ ਸਿਰ ਅਤੇ ਕਰੀਬ 25 ਕਿਲੋ ਜੰਗਲੀ ਸੂਰ ਦਾ ਮਾਸ਼ ਬਰਾਮਦ ਕੀਤਾ ਜਿਹੜਾ ਉਸ ਨੇ ਆਪਣੀ ਘਰ ਦੀ ਫਰਿਜ਼ ਵਿੱਚ ਰੱਖਿਆ ਹੋਇਆ ਸੀ| ਅਧਿਕਾਰੀ ਨੇ ਕਿਹਾ ਕਿ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਦਾ ਸ਼ਿਕਾਰ ਕੀਤੇ ਜਾਣ ਦੀ ਸਖਤ ਮਨਾਈ ਕੀਤੀ ਹੋਈ ਹੈ| ਇਸ ਸਬੰਧੀ ਵਿਭਾਗ ਦੇ ਬੀਟ ਗਾਰਡ ਤੇਜਿੰਦਰ ਸਿੰਘ ਵੱਲੋਂ ਮੁਲਜ਼ਮ ਖਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ-1972 ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ।