ਪੱਤਰ ਪ੍ਰੇਰਕ
ਪਠਾਨਕੋਟ, 27 ਜੂਨ
ਕਠੂਆ ਤੋਂ ਪਠਾਨਕੋਟ ਡਾਕਟਰ ਕੋਲੋਂ ਦਵਾਈ ਲੈਣ ਲਈ ਮੋਟਰਸਾਈਕਲ ’ਤੇ ਜਾ ਰਹੇ ਇੱਕ ਪਤੀ-ਪਤਨੀ ਨੂੰ ਪਠਾਨਕੋਟ-ਜੰਮੂ ਨੈਸ਼ਨਲ ਹਾਈਵੇਅ ’ਤੇ ਸਥਿਤ ਮਾਧੋਪੁਰ ਕੋਲ ਪਿੱਛੋਂ ਆ ਰਹੇ ਇੱਕ ਤੇਲ ਦੇ ਟੈਂਕਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਮੋਟਰਸਾਈਕਲ ’ਤੇ ਪਿੱਛੇ ਬੈਠੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਉਸ ਦੇ ਪਤੀ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾ ਦਾ ਨਾਂ ਅਨੀਤਾ ਸ਼ਰਮਾ ਵਾਸੀ ਲੋਂਗੇਟ ਜ਼ਿਲ੍ਹਾ ਕਠੂਆ ਦੱਸਿਆ ਜਾ ਰਿਹਾ ਹੈ। ਜਦ ਕਿ ਉਸ ਦੇ ਪਤੀ ਦਾ ਨਾਂ ਭੁਪਿੰਦਰ ਸ਼ਰਮਾ ਹੈ।
ਹਾਦਸੇ ਦੀ ਜਾਂਚ ਵਿੱਚ ਜੁਟੇ ਏਐਸਆਈ ਅਤਰ ਸਿੰਘ ਨੇ ਦੱਸਿਆ ਕਿ ਕਠੂਆ ਵਾਸੀ ਭੁਪਿੰਦਰ ਸ਼ਰਮਾ ਆਪਣੀ ਪਤਨੀ ਅਨੀਤਾ ਦੀ ਮਲਿਕਪੁਰ ਵਿਖੇ ਪ੍ਰਾਈਵੇਟ ਹਸਪਤਾਲ ਵਿੱਚੋਂ ਦਵਾਈ ਲੈਣ ਲਈ ਉਸ ਨੂੰ ਨਾਲ ਲੈ ਕੇ ਜਾ ਰਿਹਾ ਸੀ। ਜਦ ਉਹ ਮਾਧੋਪੁਰ ਅੱਡੇ ਕੋਲ ਪੁੱਜੇ ਤਾਂ ਪਿੱਛੋਂ ਤੇਜ਼ ਰਫਤਾਰ ਆ ਰਹੇ ਇੱਕ ਟੈਂਕਰ ਨੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ। ਹਾਦਸਾ ਵਾਪਰਦੇ ਸਾਰ ਡਰਾਈਵਰ ਟੈਂਕਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਜਦ ਕਿ ਫਰਾਰ ਟੈਂਕਰ ਚਾਲਕ ਖਿਲਾਫ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।