ਮਕਬੂਲ ਅਹਿਮਦ
ਕਾਦੀਆਂ, 6 ਜੁਲਾਈ
ਪੰਜਾਬ ’ਚ ਅਖੌਤੀ ਪੱਤਰਕਾਰਾਂ ਦੀ ਭੀੜ ਦਿਨ ਬਦਿਨ ਵਧਦੀ ਜਾ ਰਹੀ ਹੈ। ਅਨਪੜ੍ਹ, ਬਲੈਕਮੇਲਰ ਤੇ ਲੋਟੂ ਟੋਲੇ ਜਿਨ੍ਹਾਂ ਦਾ ਵਾਸਤਾ ਪੱਤਰਕਾਰੀ ਨਾਲ ਦੂਰ ਤੱਕ ਵੀ ਨਹੀਂ, ਨੇ ਯੂ ਟਿਊਬ ’ਤੇ ਨਿਊਜ਼ ਚੈਨਲ ਬਣਾ ਕੇ ਲੋਕਾਂ ਨੂੰ ਧਮਕਾਉਣਾ ਤੇ ਲੁੱਟਣ ਦਾ ਧੰਦਾ ਖੋਲ੍ਹ ਰੱਖਿਆ ਹੈ। ਜਿਸ ਦੇ ਚੱਲਦੀਆਂ ਅਸਲੀ ਪੱਤਰਕਾਰੀ ਕਰਨ ਵਾਲੇ ਸਿੱਖਿਅਤ ਤੇ ਪ੍ਰੋਫ਼ੈਸ਼ਨਲ ਪੱਤਰਕਾਰਾਂ ਦੀ ਸਾਖ ’ਤੇ ਵੱਟਾ ਲੱਗ ਰਿਹਾ ਹੈ।
ਬੀਤੇ ਦਿਨੀਂ ਇੱਕ ਯੂ ਟਿਊਬਰ ਨੇ ਅੱਧੀ ਰਾਤ ਨੂੰ ਕੱਛੇ ਬਣਿਆਨ ’ਚ ਹੀ ਘਰੋਂ ਨਿੱਕਲ ਕੇ ਆਪਣੀ ਪੱਤਰਕਾਰੀ ਦਾ ਰੋਬ ਇੱਕ ਮਹਿਲਾ ਕਰਮਚਾਰੀ ’ਤੇ ਪਾਉਣਾ ਸ਼ੁਰੂ ਕਰ ਦਿੱਤਾ।
ਬਿਜਲੀ ਕਰਮਚਾਰੀ ਜੋ ਰਾਤ ਨੂੰ ਮੀਟਰਾਂ ਨੂੰ ਲੱਗੀ ਅੱਗ ਬੁਝਾਉਣ ਮੌਕੇ ’ਤੇ ਪਹੁੰਚੇ ਸੀ ਤੇ ਬਿਜਲੀ ਬੰਦ ਕਰ ਦਿੱਤੀ ਸੀ। ਜਿਸ ’ਤੇ ਯੂ ਟਿਊਬਰ ਭੜਕ ਗਿਆ ਤੇ ਉਹ ਪੱਤਰਕਾਰੀ ਦਾ ਰੋਬ ਪਾਉਣ ਲੱਗਾ। ਆਪਣੀ ਇੱਕ ਨਾ ਚੱਲਦੀ ਵੇਖ ਜਦੋਂ ਉਹ ਮਾਮਲਾ ਥਾਣਾ ਕਾਦੀਆਂ ’ਚ ਲੈ ਗਿਆ ਤਾਂ ਉਸਦੇ ਟੋਲੇ ਦੇ ਕੁਝ ਯੂ ਟਿਊਬਰ ਵੀ ਥਾਣਾ ਕਾਦੀਆਂ ’ਚ ਪਹੁੰਚ ਗਏ। ਜਿੱਥੇ ਐੱਸਐੱਚਓ ਕਾਦੀਆਂ ਦੀ ਮੌਜੂਦਗੀ ’ਚ ਮਹਿਲਾ ਕਰਮਚਾਰੀ ਨੇ ਅਖੌਤੀ ਪੱਤਰਕਾਰਾਂ ਦੀ ਕਲਾਸ ਲਗਾ ਦਿੱਤੀ। ਉਸਨੇ ਪੁੱਛਿਆ ਕਿ ਕਿਸ ਅਥਾਰਿਟੀ ਤਹਿਤ ਇਹ ਪੱਤਰਕਾਰੀ ਦਾ ਰੋਬ ਪਾ ਰਹੇ ਹਨ। ਪੱਤਰਕਾਰ ਹੋਣ ਦਾ ਸਬੂਤ ਨਾ ਹੋਣ ’ਤੇ ਉਨ੍ਹਾਂ ਨੂੰ ਮੁਆਫ਼ੀਨਾਮਾ ਦੇਣ ਮਗਰੋਂ ਹੀ ਛੁਟਕਾਰਾ ਮਿਲ ਸਕਿਆ।
ਅੱਜ ਵੀ ਇਥੇ ਪਾਵਰਕੌਮ ਕਾਦੀਆਂ ’ਚ ਕੁਝ ਅਖੌਤੀ ਯੂ ਟਿਊਬਰ ਬਿਜਲੀ ਬੋਰਡ ਦੇ ਨਵੇਂ ਬਣੇ ਐੱਸਡੀਓ ਦਾ ਸਵਾਗਤ ਕਰਨ ਲਈ ਗੁਲਦਸਤੇ ਲੈ ਕੇ ਪਹੁੰਚੇ ਸੀ। ਉਥੇ ਵੀ ਮਹਿਲਾ ਕਰਮਚਾਰੀ ਤੇ ਉਸ ਦੇ ਸਾਥੀਆਂ ਨੇ ਯੂ ਟਿਉਬਰਾਂ ਨੂੰ ਉਥੋਂ ਭੱਜਾ ਦਿੱਤਾ। ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਪ੍ਰੈਸ ਦੇ ਨਾਂ ’ਤੇ ਠੱਗੀ ਮਾਰਨ ਤੇ ਯੂਟਿਊਬ ਚੈਨਲ ਬਣਾ ਕੇ ਪੱਤਰਕਾਰਾਂ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਹੋਣੀ ਚਾਹੀਦੀ ਹੈ, ਤਾਕਿ ਲੋਕਾਂ ਨੂੰ ਇਨ੍ਹਾਂ ਲੋਟੂ ਟੋਲਿਆਂ ਤੋਂ ਬਚਾਇਆ ਜਾ ਸਕੇ।