ਐਨ ਪੀ ਧਵਨ
ਪਠਾਨਕੋਟ, 25 ਸਤੰਬਰ
ਭਾਰਤ-ਪਾਕ ਯੁੱਧ ਦੀ ਜਿੱਤ ਨੂੰ ਸਮਰਪਿਤ ਸੁਨਹਿਰੀ ਵਿਜੈ ਮਸ਼ਾਲ ਯਾਤਰਾ ਸਰਹੱਦੀ ਕਸਬਾ ਬਮਿਆਲ ਦੇ ਆਈਟੀਆਈ ਵਿੱਚ ਪੁੱਜੀ ਜਿਥੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ, ਸ਼ਹੀਦ ਪਰਿਵਾਰਾਂ, ਜੀਓਜੀ ਟੀਮ ਅਤੇ ਐਨਸੀਸੀ ਕੈਡਿਟਾਂ ਨੇ ਸਵਾਗਤ ਕੀਤਾ ਅਤੇ ਯਾਤਰਾ ਨਾਲ ਚੱਲਣ ਵਾਲੇ ਸੈਨਿਕਾਂ ਦਾ ਮਨੋਬਲ ਵਧਾਇਆ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ 51 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਐਸਪੀ ਯਾਦਵ ਯੁੱਧ ਸੇਵਾ ਮੈਡਲ ਸ਼ਾਮਲ ਹੋਏ। ਬ੍ਰਿਗੇਡੀਅਰ ਯਾਦਵ ਨੇ ਕਿਹਾ ਕਿ ਇਸ ਸੁਨਹਿਰੀ ਵਿਜੈ ਮਸ਼ਾਲ ਯਾਤਰਾ ਦਾ ਮੁੱਖ ਉਦੇਸ਼ 1971 ਦੇ ਭਾਰਤ-ਪਾਕਿ ਯੁੱਧ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਮਨੋਬਲ ਵਧਾਉਂਦੇ ਹੋਏ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਯੁੱਧ ਦੇ 50 ਸਾਲ ਬੀਤ ਜਾਣ ਬਾਅਦ ਵੀ ਭਾਰਤੀ ਸੈਨਾ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ 1971 ਦੇ ਯੁੱਧ ਵਿੱਚ ਇਸ ਖੇਤਰ ਦੇ ਕਈ ਜਵਾਨਾਂ ਨੇ ਆਪਣਾ ਬਲੀਦਾਨ ਦਿੱਤਾ। ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸ਼ਹੀਦ ਰੂਪ ਸਿੰਘ ਦੀ ਪਤਨੀ ਸੋਮਾ ਦੇਵੀ, ਸ਼ਹੀਦ ਸਿਪਾਹੀ ਗੁਲਜ਼ਾਰ ਸਿੰਘ ਦੀ ਪਤਨੀ ਸ਼ੀਲਾ ਦੇਵੀ, ਸ਼ਹੀਦ ਸਿਪਾਹੀ ਕਸਤੂਰੀ ਲਾਲ ਦੀ ਪਤਨੀ ਦਰਸ਼ਨਾ ਦੇਵੀ, ਸ਼ਹੀਦ ਸਿਪਾਹੀ ਤੇਜ ਸਿੰਘ ਦੀ ਪਤਨੀ ਸੋਮਾ ਦੇਵੀ, ਸ਼ਹੀਦ ਸਿਪਾਹੀ ਉਂਕਾਰ ਸਿੰਘ ਦੀ ਪਤਨੀ ਕਾਂਤਾ ਰਾਣੀ, ਸ਼ਹੀਦ ਨਾਇਕ ਜਨਕ ਰਾਜ ਦੀ ਪਤਨੀ ਜੀਤੋ ਦੇਵੀ, ਸ਼ਹੀਦ ਸਿਪਾਹੀ ਸੰਸਾਰ ਰਾਮ ਦੀ ਪਤਨੀ ਗਿਆਨੋ ਦੇਵੀ ਨੂੰ ਸਨਮਾਨਿਤ ਕੀਤਾ ਗਿਆ।