ਨਿੱਜੀ ਪੱਤਰ ਪ੍ਰੇਰਕ
ਬਟਾਲਾ, 27 ਮਈ
ਭਾਰਤੀ ਕ੍ਰਿਕਟ ਟੀਮ ਟੀ-20 ਸੀਰੀਜ਼ ਲਈ ਚੁਣੇ ਗਏ ਅਰਸ਼ਦੀਪ ਸਿੰਘ ਦਾ ਬਟਾਲਾ ਨੇੜਲੇ ਆਪਣੇ ਨਾਨਕੇ ਪਿੰਡ ਰੰਗੜ-ਨੰਗਲ ਪਹੁੰਚਣ ’ਤੇ ਪਰਿਵਾਰ ਅਤੇ ਪਿੰਡ ਵਾਸੀਆ ਨੇ ਭਰਵਾਂ ਸਵਾਗਤ ਕੀਤਾ। ਇੱਥੋਂ ਦੇ ਸਥਾਨਕ ਲੋਕਾਂ ’ਚ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਅਰਸ਼ਦੀਪ ਨੇ ਕਿਹਾ ਕਿ ਉਸ ਨੂੰ ਇੱਥੇ ਆ ਕੇ ਆਪਣੇ ਬਚਪਨ ਦੇ ਦਿਨ ਯਾਦ ਆ ਗਏ। ਦੱਸਿਆ ਕਿ ਉਹ ਅੱਜ ਜਿਸ ਮੁਕਾਮ ’ਤੇ ਪੁੱਜਾ ਹੈ, ਉਸ ਪਿੱਛੇ ਪਰਿਵਾਰ ਦੇ ਹਰ ਜੀਅ ਦਾ ਭਰਪੂਰ ਸਹਿਯੋਗ ਹੈ। ਇਸ ਮੌਕੇ ਅਰਸ਼ਦੀਪ ਦੇ ਮਾਮਾ ਲਵਪ੍ਰੀਤ ਸਿੰਘ ਦਾ ਕਹਿਣਾ ਕਿ ਅਰਸ਼ਦੀਪ ਦਾ ਟੀ-20 ਸੀਰੀਜ਼ ਲਈ ਚੁਣੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਸ ਦੇ ਨਾਨਾ ਜੋਗਿੰਦਰ ਸਿੰਘ ਨੇ ਵੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ-ਨੰਗਲ, ਸਰਬਜੀਤ ਸਿੰਘ ਔਲਖ, ਜੋਗਿੰਦਰ ਸਿੰਘ, ਮਾਸਟਰ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਦਿਆਲ ਸਿੰਘ, ਹਰਦਿਆਲ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।