ਐੱਨ.ਪੀ. ਧਵਨ
ਪਠਾਨਕੋਟ, 14 ਅਕਤੂਬਰ
ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਰਾਸ਼ਟਰੀ ਏਕਤਾ ਤੇ ਜਾਗਰੂਕਤਾ ਲਈ ਬੀਐੱਸਐੱਫ ਵੱਲੋਂ ਬੀਓਪੀ ਆਕਟੌਈ 165 ਤੋਂ ਸ਼ੁਰੂ ਕੀਤੀ ਹੋਈ ਸਾਈਕਲ ਰੈਲੀ ਅੱਜ ਬੀਐੱਸਐਫ ਦੀ 121 ਰਜ਼ਮੈਂਟ ਮਾਧੋਪੁਰ ਵਿਖੇ ਪੁੱਜੀ। ਇਸ ਦਾ ਇਥੇ ਪੁੱਜਣ ਤੇ ਬੀਐਸਐਫ ਦੇ ਅਧਿਕਾਰੀਆਂਐਚਪੀਐਸ ਸੋਹੀ, ਹਿਮਾਂਸ਼ੂ ਉਦੇਰੀਆ, ਨਿਮਨ ਬਕਸਲਾ, ਅਜੀਤ ਕੁਮਾਰ ਝਾਅ, ਜੋਗਿੰਦਰ ਸਿੰਘ ਆਦਿ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ 18 ਸਾਈਕਲ ਚਾਲਕਾਂ ਦੀ ਅਗਵਾਈ ਕਰ ਰਹੇ ਬੀਐੱਸਐੱਫ ਅਧਿਕਾਰੀ ਪ੍ਰਸ਼ਾਂਤ ਕੁਮਾਰ ਨੇ ਮਾਧੋਪੁਰ ਕੈਂਟ ਵਿੱਚ ਕੇਂਦਰੀ ਵਿਦਿਆਲੇ ਦੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਇਹ ਰੈਲੀ ਲਗਪਗ 2112 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤੇ 13 ਨਵੰਬਰ ਨੂੰ ਭੁੱਜ, ਗੁਜਰਾਤ ਵਿੱਚ ਪੁੱਜ ਕੇ ਸਮਾਪਤ ਹੋਵੇਗੀ। ਅੱਜ ਇਹ ਰੈਲੀ ਮਾਧੋਪੁਰ ਰੁਕੇਗੀ ਤੇ ਸ਼ਨਿਚਰਵਾਰ ਨੂੰ ਅੱਗੇ ਰਵਾਨਾ ਹੋਵੇਗੀ। ਪ੍ਰਸ਼ਾਂਤ ਕੁਮਾਰ ਨੇ ਬੀਐਸਐਫ ’ਚ ਭਰਤੀ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਬੀਐੱਸਐੱਫ ਦੀ ਭੂਮਿਕਾ ਸਬੰਧੀ ਲਘੂ ਫਿਲਮ ਦਿਖਾਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਵੀ ਕੀਤਾ।