ਪੱਤਰ ਪ੍ਰੇਰਕ
ਦੀਨਾਨਗਰ, 16 ਮਾਰਚ
ਵਿਧਾਇਕ ਅਰੁਣਾ ਚੌਧਰੀ ਨੇ ਹਲਕੇ ਵਿਚ ਕਾਂਗਰਸ ਦੀ ਜਿੱਤ ਹੋਣ ਦੇ ਬਾਵਜੂਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਾਕਮ ਧਿਰ ਦੇ ਇਸ਼ਾਰੇ ’ਤੇ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਅਤੇ ਫ਼ਰਜ਼ੀ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਹਾਕਮਾਂ ਦਾ ਪੱਖ ਪੂਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਇੱਕ ਵੀਡੀਓ ਰਾਹੀਂ ਸੰਦੇਸ਼ ਜਾਰੀ ਕਰਦਿਆਂ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਕੁਝ ਲੋਕ ਹਲਕੇ ਦਾ ਮਾਹੌਲ ਖ਼ਰਾਬ ਕਰਨ ਲਈ ਅਜਿਹੀਆਂ ਹਰਕਤਾਂ ਨੂੰ ਅੰਜ਼ਾਮ ਦੇ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਉਹ ਚੋਣ ਜਿੱਤ ਕੇ ਚੌਥੀ ਵਾਰ ਦੀਨਾਨਗਰ ਦੇ ਵਿਧਾਇਕ ਬਣੇ ਹਨ ਇਸ ਦੀ ਜਿੱਤ ਦੀ ਖੁਸ਼ੀ ਵਿੱਚ 13 ਮਾਰਚ ਨੂੰ ਇੱਕ ਪੈਲੇਸ ਵਿੱਚ ਵਰਕਰਾਂ ਲਈ ਧੰਨਵਾਦ ਪਾਰਟੀ ਕੀਤੀ ਗਈ। ਇਸ ਦੌਰਾਨ ਕੁਝ ਵੀ ਗ਼ੈਰਕਾਨੂੰਨੀ ਨਹੀਂ ਹੋਇਆ ਪਰ ਕੁਝ ਸ਼ਰਾਰਤੀ ਲੋਕਾਂ ਨੇ ਬਿਨਾਂ ਕਿਸੇ ਪੜਤਾਲ ਤੋਂ ਝੂਠੀਆਂ ਖ਼ਬਰਾਂ ਫੈਲਾਅ ਦਿੱਤੀਆਂ ਕਿ ਉੱਥੇ ਨਾਜਾਇਜ਼ ਸ਼ਰਾਬ ਵਰਤਾਉਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਅ ਕੇ ਸ਼ਰਾਰਤੀ ਲੋਕ ਹਾਕਮਾਂ ਨੂੰ ਖ਼ੁਸ਼ ਕਰਨ ਅਤੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦਾ ਇਰਾਦਾ ਰੱਖਦੇ ਹਨ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਵਰਕਰ ਨਾਲ ਧੱਕਾ ਹੁੰਦਾ ਦੇਖ ਕੇ ਚੁੱਪ ਨਹੀਂ ਬੈਠਣਗੇ। ਅਜਿਹੀ ਕਾਰਵਾਈ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ।