ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 12 ਅਗਸਤ
ਇੱਥੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਵਾਲੀ ਸੜਕ ਉੱਪਰ ਸਥਿਤ ਗਲੀ ਵਿੱਚ ਪਾਣੀ ਦੇ ਨਵੇਂ ਕੁਨੈਕਸ਼ਨ ਲੱਗਣ ਦੇ ਬਾਵਜੂਦ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਹਰੀਸ਼ ਕੁਮਾਰ ਕੱਕੜ ਸਣੇ ਹੋਰ ਵਿਅਕਤੀਆਂ ਨੇ ਦੱਸਿਆ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਦਾਅਵੇ ਖੋਖਲੇ ਹੁੰਦੇ ਸਾਬਤ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗਲੀ ਅੰਦਰ ਕਈ ਦਹਾਕਿਆਂ ਬਾਅਦ ਗਹਿਰੀ ਮੰਡੀ ਦੀ ਪੰਚਾਇਤ ਵੱਲੋਂ ਇਕ ਦਰਜਨ ਦੇ ਕਰੀਬ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਲਗਾਏ ਗਏ ਹਨ। ਇਸ ਦੇ ਬਾਵਜੂਦ ਲੋਕ ਪਾਣੀ ਦੀ ਸਪਲਾਈ ਤੋਂ ਵਾਂਝੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪਾਣੀ ਦੀ ਸਪਲਾਈ ਫੌਰੀ ’ਤੇ ਯਕੀਨੀ ਬਣਾਈ ਜਾਵੇ। ਇਸ ਸਬੰਧੀ ਗਹਿਰੀ ਮੰਡੀ ਦੇ ਸਰਪੰਚ ਕੁਲਦੀਪ ਸਿੰਘ ਕਾਲਾ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਇਸ ਗਲੀ ਅੰਦਰ ਪਾਣੀ ਦੀ ਸਪਲਾਈ ਲਈ ਨਵੇਂ ਕੁਨੈਕਸ਼ਨਾਂ ਦੀ ਵਾਇਰਿੰਗ ਕਰ ਦਿੱਤੀ ਗਈ ਹੈ, ਹੁਣ ਪਾਣੀ ਦੀ ਸਪਲਾਈ ਚਾਲੂ ਕਰਨਾ ਸਬੰਧਤ ਵਿਭਾਗ ਦਾ ਕੰਮ ਹੈ। ਜਦੋਂ ਵਿਭਾਗ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਪੰਚਾਇਤ ਦੇ ਜਿਸ ਠੇਕੇਦਾਰ ਵੱਲੋਂ ਪਾਣੀ ਦੀ ਸਪਲਾਈ ਦੀ ਵਾਇਰਿੰਗ ਕੀਤੀ ਗਈ ਹੈ ਉਸ ਵਿੱਚ ਕੋਈ ਨੁਕਸ ਹੈ, ਵਿਭਾਗ ਵੱਲੋਂ ਪਾਣੀ ਦੀ ਸਪਲਾਈ ਤਾਂ ਨਿਰੰਤਰ ਆਪਣੇ ਸਮੇਂ ਮੁਤਾਬਿਕ ਦਿੱਤੀ ਜਾ ਰਹੀ ਹੈ।