ਗੁਰਮੀਤ ਖੋਸਲਾ
ਸ਼ਾਹਕੋਟ, 13 ਦਸੰਬਰ
ਦਿੱਲੀ ਤੋਂ ਪਰਤੇ ਸੰਘਰਸ਼ੀ ਯੋਧਿਆਂ ਦਾ ਇਲਾਕੇ ਦੇ ਵੱਖ-ਵੱਖ ਸਥਾਨਾਂ ’ਤੇ ਨਿੱਘਾ ਸੁਆਗਤ ਕੀਤਾ ਗਿਆ। ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ ਅਤੇ ਕੁਲਦੀਪ ਸਿੰਘ ਜਾਣੀਆਂ ਦਾ ਸ਼ਾਹਕੋਟ ਪੁੱਜਣ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਰਕਰਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਬਲਦੇਵ ਸਿੰਘ ਕੋਹਾੜ ਦਾ ਪਿੰਡ ਵਾਸੀਆਂ ਨੇ ਪਲਟੀਨਾ ਮੋਟਰਸਾਈਕਲ ਨਾਲ ਸਨਮਾਨ ਕੀਤਾ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸ਼ਰ) ਦੇ ਕਿਸਾਨ ਵਿੰਗ ਨੇ ਨਿਮਾਜ਼ੀਪੁਰ ਵਿੱਚ ਹਰਦਿਆਲ ਸਿੰਘ ਖਹਿਰਾ, ਪਰਮੀਤ ਮਾਣਕਪੁਰ ,ਬੂਟਾ ਸਿੰਘ ਮੁਰੀਦਵਾਲ, ਬੱਬੂ ਪੱਟੀ ਅਤੇ ਜਸ ਰਾਜੇਵਾਲ ਦਾ ਸਵਾਗਤ ਕੀਤਾ। ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲ੍ਹੀਵਾਲ ਅਤੇ ਬਲਾਕ ਪ੍ਰਧਾਨ ਰਣਚੇਤ ਸਿੰਘ ਦਾ ਗੁਰਦੁਆਰਾ ਦਮਦਮਾ ਸਾਹਿਬ ਮਲਸੀਆਂ ਵਿਖੇ ਸਿਰੋਪੇ ਪਾ ਕੇ ਸੁਆਗਤ ਕੀਤਾ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਅਤੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ 14 ਦਸੰਬਰ ਨੂੰ 12 ਵਜੇ ਵੱਡੀ ਗਿਣਤੀ ਵਿੱਚ ਪੀ.ਏ.ਪੀ ਚੌਕ ਜਲੰਧਰ ਪੁੱਜ ਕੇ ਫਤਿਹ ਮਾਰਚ ਦਾ ਹਿੱਸਾ ਬਣਨ।
ਰਈਆ (ਦਵਿੰਦਰ ਸਿੰਘ ਭੰਗੂ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਕਾਫ਼ਲੇ ਰੂਪ ਵਿੱਚ ਅੰਮ੍ਰਿਤਸਰ ਗਏ ਜਿਨ੍ਹਾਂ ਦਾ ਸਥਾਨਕ ਕਸਬਾ ਅਤੇ ਬੁਟਾਰੀ ਭਿੰਡਰ ਪੁਲ ਉੱਪਰ ਜਮਹੂਰੀ ਕਿਸਾਨ ਸਭਾ ਦਿਹਾਤੀ ਮਜ਼ਦੂਰ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਕਾਰਕੁਨਾਂ ਨੇ ਨਿੱਘਾ ਸਵਾਗਤ ਕੀਤਾ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਲੋਕਾਈ ਦੀ ਇਹ ਜਿੱਤ ਇਤਿਹਾਸਕ ਹੈ, ਜਿਹੜੀ ਦੇਸ਼ ਵਾਸੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ।
ਅਟਾਰੀ (ਪੱਤਰ ਪ੍ਰੇਰਕ): ਨਿਰਮਲ ਸਿੰਘ ਮੋਦੇ ਦੀ ਅਗਵਾਈ ’ਚ ਅੱਜ ਵਾਪਸ ਪਿੰਡ ਮੋਦੇ ਪੁੱਜੇ ਕਿਸਾਨਾਂ ਦਾ ਪਿੰਡ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਮੋਦੇ ਨੇ ਕਿਹਾ ਕਿ ਪੰਜਾਬ ਨੇ 20ਵੀਂ ਵਾਰ ਦਿੱਲੀ ਜਿੱਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਮੋਦੇ ਸਮੇਤ ਇਲਾਕੇ ਭਰ ਤੋਂ ਕਿਸਾਨੀ ਸੰਘਰਸ਼ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਮੋਦੇ, ਖਜਾਨ ਸਿੰਘ ਮੋਦੇ, ਬਾਬਾ ਦਲਜੀਤ ਸਿੰਘ, ਹਰਦੀਪ ਸਿੰਘ, ਦਲਬੀਰ ਸਿੰਘ, ਸੁਖਚੈਨ ਸਿੰਘ, ਆਦਿ ਦਾ ਸਨਮਾਨ ਕੀਤਾ ਗਿਆ।
ਸਿੱਖ ਪ੍ਰਚਾਰਕ ਧੂੰਦਾਂ ਦਾ ਪਿੰਡ ਪਹੁੰਚਣ ’ਤੇ ਸਨਮਾਨ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਕਿਸਾਨੀ ਸੰਘਰਸ਼ ਵਿੱਚ ਲੰਮਾ ਸਮਾਂ ਆਪਣਾ ਯੋਗਦਾਨ ਪਾਉਣ ਅਤੇ ਇਸ ਅੰਦੋਲਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾਂ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣ ’ਤੇ ਇਲਾਕੇ ਦੀ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਚੇਅਰਮੈਨ ਸ਼ਬੇਗ ਸਿੰਘ ਧੁੰਨ ਦੀ ਅਗਵਾਈ ਵਿੱਚ ਲੋਕ ਕਸਬੇ ਦੇ ਕਪੂਰਥਲਾ ਚੌਕ ਵਿੱਚ ਇਕੱਤਰ ਹੋਏ। ਪਿੰਡ ਧੂੰਦਾ ਦੀਆਂ ਸੰਗਤਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ, ਯਾਦਵਿੰਦਰ ਸਿੰਘ ਯਾਦੀ, ਕਾਮਰੇਡ ਬਲਦੇਵ ਸਿੰਘ,ਮਲਕੀਤ ਸਿੰਘ ਆਦਿ ਵੱਲੋਂ ਭਾਈ ਸਰਬਜੀਤ ਸਿੰਘ ਧੂੰਦਾ ਦਾ ਜੈਕਾਰਿਆ ਦੀ ਗੂੰਜ ਵਿੱਚ ਸਵਾਗਤ ਕੀਤਾ ਗਿਆ। ਭਾਈ ਧੂੰਦਾਂ ਨੇ ਇਸ ਕਿਸਾਨੀ ਸੰਘਰਸ਼ ਦਾ ਜ਼ਿਕਰ ਇਤਿਹਾਸ ਦੇ ਸੁਨਿਹਰੀ ਪੰਨਿਆ ’ਤੇ ਲਿਖਿਆ ਜਾਵੇਗਾ, ਜਿਸ ਨੂੰ ਆਉਣ ਵਾਲੀਆਂ ਪੀੜੀਆਂ ਹਮੇਸ਼ਾ ਯਾਦ ਰੱਖਣਗੀਆਂ।