ਪੱਤਰ ਪ੍ਰੇਰਕ
ਪਠਾਨਕੋਟ, 14 ਜੂਨ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਅੱਡਾ ਸਰਨਾ ਦੇ ਵਾਰਡ ਨੰਬਰ 43 ਵਿੱਚ ਵਾਰਡ ਦੀ ਕੌਂਸਲਰ ਮੀਨਾਕਸ਼ੀ ਦੇਵੀ ਦੀ ਅਗਵਾਈ ਹੇਠ ਲੋਕਾਂ ਨੇ ਮੰਡੀ ਬੋਰਡ ਅਤੇ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਸਤੀਸ਼ ਸਰਨਾ, ਰਵੀ ਕੁਮਾਰ, ਰਾਜਨ ਸਰਨਾ, ਵਿਜੇ ਕੁਮਾਰ, ਮਾਸਟਰ ਚੂੰਨੀ ਲਾਲ, ਰਾਮ ਲਾਲ, ਅਸ਼ੋਕ ਕੁਮਾਰ, ਨਿਤਿਨ ਸਿੰਘ, ਸ਼ਸ਼ੀ ਕੁਮਾਰ ਆਦਿ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵਾਰਡ ਵਿੱਚ ਮੰਡੀ ਬੋਰਡ ਵੱਲੋਂ ਇੱਕ ਨਿਕਾਸੀ ਨਾਲ ਬਣਾਇਆ ਜਾ ਰਿਹਾ ਹੈ। ਜਿਸ ਦਾ ਨਿਰਮਾਣ ਕਾਰਜ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਇਹ ਕੰਮ ਅਧੂਰਾ ਹੈ। ਵਾਰਡ ਨੂੰ ਆਪਸ ਵਿੱਚ ਜੋੜਨ ਵਾਲੀਆਂ ਪੁਲੀਆਂ ਵੀ ਤੋੜ ਦਿੱਤੀਆਂ ਗਈਆਂ ਹਨ। ਜਿਸ ਨਾਲ ਲੋਕਾਂ ਨੂੰ ਘਰ ਦੇ ਬਾਹਰ ਅਤੇ ਘਰ ਵਿੱਚ ਆਉਣ ਲਈ ਬਹੁਤ ਮੁਸ਼ਕਲ ਹੋ ਰਹੀ ਹੈ। ਜੇ ਕੋਈ ਮੁਹੱਲੇ ਵਿੱਚ ਬੀਮਾਰ ਪੈ ਜਾਵੇ ਤਾਂ ਉਸ ਨੂੰ ਡਾਕਟਰ ਕੋਲ ਲੈ ਜਾਣ ਲਈ ਬਹੁਤ ਮੁਸ਼ਕਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲੀਆਂ ਦੇ ਤੋੜੇ ਜਾਣ ਤੋਂ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਸੜਕ ’ਤੇ ਹੀ ਖੜ੍ਹਾ ਕਰਕੇ ਘਰ ਜਾਣਾ ਪੈਂਦਾ ਹੈ। ਬਜ਼ੁਰਗ ਲੋਕਾਂ ਲਈ ਨਿਕਾਸੀ ਨਾਲਾ ਪਾਰ ਕਰਨ ਨੂੰ ਪੋਲ ਲਗਾਏ ਗਏ ਹਨ। ਇਸ ਨਾਲ ਕਿਸੇ ਵੇਲੇ ਵੀ ਦੁਰਘਟਨਾ ਹੋ ਸਕਦੀ ਹੈ। ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਪਰ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਮੰਡੀ ਬੋਰਡ ਦੇ ਐੱਸਡੀਓ ਰੋਹਨ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।