ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 10 ਫਰਵਰੀ
ਕੈਬਨਿਟ ਮੰਤਰੀ ਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਹਰਦੋਝੰਡੇ ਅਤੇ ਅਹਿਮਦਾਬਾਦ ਵਿੱਚ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਵੋਟ ਪਾਉਣੀ ਖੂਹ ਵਿੱਚ ਸੁੱਟਣ ਦੇ ਬਰਾਬਰ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਚੋਣ ਸਰਵੇਖਣ ਸਾਹਮਣੇ ਆਏ ਹਨ, ਉਨ੍ਹਾਂ ਸਾਰਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਵਿੱਚੋਂ ਕਰੀਬ 15 ਸੀਟਾਂ ਹੀ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਬਟਾਲਾ ਤੋਂ ਜਿੱਤ ਕੇ ਲੋਧੀਨੰਗਲ ਵੱਲੋਂ ਹਲਕੇ ਦਾ ਸਰਬਪੱਖੀ ਵਿਕਾਸ ਕਰਾਉਣਾ ਤਾਂ ਦੂਰ ਦੀ ਗੱਲ, ਉਹ ਬਟਾਲਾ ਸ਼ਹਿਰ ਅਤੇ ਹਲਕੇ ਦੇ ਕਿਸੇ ਪਿੰਡ ਵਿੱਚ ਇੱਕ ਇੱਟ ਵੀ ਨਹੀਂ ਲਗਵਾ ਸਕੇ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਤੇ ਸਿੱਖ ਵਿਰੋਧੀ ਅਰਵਿੰਦ ਕੇਜਰੀਵਾਲ ਦੀ ਦੋਮੂੰਹੀ ਸਿਆਸਤ ਤੋਂ ਵੀ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਕਾਰਪੋਰੇਟ ਜਗਤ ਦੇ ਇਸ ਏਜੰਟ ਦੀ ਅੱਖ ਪੰਜਾਬ ਦੇ ਸਰੋਤ ਖਾਸ ਕਰਕੇ ਦਰਿਆਈ ਪਾਣੀਆਂ ਦੀ ਲੁੱਟ ’ਤੇ ਟਿਕੀ ਹੋਈ ਹੈ। ਉਨ੍ਹਾਂ ਹਲਕਾ ਫਤਹਿਗੜ੍ਹ ਚੂੜੀਆਂ ਵਿੱਚ ਬਣਾਈਆਂ ਸੜਕਾਂ, ਪੁਲਾਂ ਅਤੇ ਕਾਲਾ ਅਫ਼ਗਾਨਾ ਵਿੱਚ ਬਣਾਏ ਨਵੇਂ ਸਪੋਰਟਸ ਕਾਲਜ ਅਤੇ ਪਿੰਡ ਮਰੜ ਵਿੱਚ ਬਣਾਏ ਆਧੁਨਿਕ ਹਾਕੀ ਸਟੇਡੀਅਮ ਦਾ ਜ਼ਿਕਰ ਕੀਤਾ।
ਵਕੀਲਾਂ ਤੇ ਆੜ੍ਹੀਆਂ ਵੱਲੋਂ ਧਾਲੀਵਾਲ ਨੂੰ ਸਮਰਥਨ ਦਾ ਭਰੋਸਾ
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਕਾਂਗਰਸੀ ਵਿਧਾਇਕ ਤੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਚੋਣ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਰੈਲੀਆਂ ਕਰ ਕੇ ਕਾਂਗਰਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਦਾਣਾ ਮੰਡੀ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ ਦੀ ਅਗਵਾਈ ’ਚ ਆੜ੍ਹਤੀਆਂ ਨਾਲ ਧਾਲੀਵਾਲ ਦੀ ਮੀਟਿੰਗ ਹੋਈ, ਜਿਸ ’ਚ ਆੜ੍ਹਤੀਆਂ ਨੇ ਧਾਲੀਵਾਲ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਤਹਿਸੀਲ ਕੰਪਲੈਂਕਸ ਵਿੱਚ ਵੀ ਸ੍ਰੀ ਧਾਲੀਵਾਲ ਨੇ ਵਕੀਲਾਂ ਨਾਲ ਮੀਟਿੰਗ ਕੀਤੀ ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਪਰੰਤ ਉਨ੍ਹਾਂ ਭਗਤਪੁਰਾ, ਰਾਮਪੁਰਾ, ਸੰਤੋਖਪੁਰਾ, ਸੂਖਚੈਨ ਨਗਰ, ਮਹੇੜੂ, ਮਾਨਾਵਾਲੀ, ਹਰਦਾਸਪੁਰ, ਪੀਪਾਰੰਗੀ ਵਿੱਚ ਵੀ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸ੍ਰੀ ਧਾਲੀਵਾਲ ਤੇ ਨਰੇਸ਼ ਭਾਰਦਵਾਜ ਨੇ ਕਿਹਾ ਕਿ ਚੰਨੀ ਸਰਕਾਰ ਨੇ 111 ਦਿਨਾਂ ’ਚ ਰਿਕਾਰਡਤੋੜ ਕੰਮ ਕੀਤਾ ਹੈ ਤੇ ਅਗਾਂਹ ਵੀ ਮੌਕਾ ਦੇ ਕੇ ਕਾਂਗਰਸ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਸਕੇ।