ਸੁਖਦੇਵ ਸਿੰਘ
ਅਜਨਾਲਾ, 15 ਨਵੰਬਰ
ਇੱਥੋਂ ਨੇੜਲੇ ਪਿੰਡ ਵੱਡੇ ਫੱਤੇਵਾਲਾ ਦੇ ਵਸਨੀਕ ਪਾਲ ਸਿੰਘ ਪੁੱਤਰ ਹਜ਼ਾਰਾ ਸਿੰਘ ਦੀ ਕੁੱਟਮਾਰ ਕਰਨ, ਅਪਸ਼ਬਦ ਬੋਲਣ ਅਤੇ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਸਬੰਧੀ ਸ਼ਿਕਾਇਤ ’ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਦੀਪਕ ਕੁਮਾਰ ਅਤੇ ਮੈਂਬਰ ਰਾਜ ਕੁਮਾਰ ਹੰਸ ਨੇ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਸ਼ਿਕਾਇਤ ਕਰਤਾ ਦਾ ਪੱਖ ਸੁਣਿਆ ਅਤੇ ਮੌਕਾ ਦੇਖਣ ਮਗਰੋਂ ਹਾਜ਼ਰ ਐੱਸਐੱਚਓ ਥਾਣਾ ਅਜਨਾਲਾ ਨੂੰ ਹਦਾਇਤ ਕੀਤੀ ਕਿ ਮਾਮਲੇ ਸਬੰਧੀ ਸੰਪੂਰਨ ਪੜਤਾਲ ਕਰਨ ਉਪਰੰਤ ਰਿਪੋਰਟ 18 ਨਵੰਬਰ ਤੱਕ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀ ਜਾਵੇ ਅਤੇ ਉਨ੍ਹਾਂ ਪਰਿਵਾਰ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਢਲਾ ਫਰਜ਼ ਹੈ ਕਿ ਉਹ ਅਨੁਸੂਚਿਤ ਜਾਤੀ ਦੇ ਹਿੱਤਾਂ ਦੀ ਰੱਖਿਆ ਕਰੇ।