ਪੱਤਰ ਪ੍ਰੇਰਕ
ਚੇਤਨਪੁਰਾ, 19 ਅਪਰੈਲ
ਪਿੰਡ ਸੰਗਤਪੁਰਾ ਦੇ ਅੱਡੇ ’ਤੇ ਅੱਜ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਸੜਕ ਵਾਇਆ ਸੰਗਤਪੁਰਾ ਕੰਢਿਉਂ ਠੇਕੇਦਾਰ ਵੱਲੋਂ ਦਰੱਖਤ ਕੱਟਣ ਦੇ ਵਿਰੋਧ ਵਿੱਚ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਮਜੀਠਾ ਦੇ ਇੰਚਾਰਜ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਦੀ ਅਗਵਾਈ ਹੇਠ ਸੰਗਤਪੁਰਾ ਤੇ ਕੋਟਲਾ ਗੁੱਜਰਾਂ ਦੇ ਵਾਸੀਆਂ ਨਾਲ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ।
ਭਾਈ ਕੋਟਲਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕਰ ਰਹੀ ਹੈ ਪਰ ਦੂਜੇ ਪਾਸੇ ਸੜਕ ਨੂੰ ਚੌੜਾ ਕਰਨ ਦੀ ਆੜ ਵਿੱਚ ਠੇਕੇਦਾਰ ਵੱਲੋਂ ਨਾਜਾਇਜ਼ ਤੌਰ ’ਤੇ ਛੋਟੇ ਛੋਟੇ ਦਰੱਖਤਾਂ ਜਿਸ ਵਿੱਚ ਟਾਹਲੀਆਂ, ਧਰੇਕਾਂ, ਜਾਮਨੂੰ ਤੇ ਹੋਰ ਕਈ ਕਿਸਮਾਂ ਦੇ ਬੂਟੇ ਹਨ ਉਨ੍ਹਾਂ ਦੀ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਚੌੜਾ ਕਰਨ ਦਾ ਪ੍ਰਪੋਜ਼ਲ ਸਰਕਾਰ ਵੱਲੋਂ 2018 ਵਿਚ ਤਿਆਰ ਕੀਤਾ ਗਿਆ ਸੀ ਤੇ ਮਿਣਤੀ ਦੌਰਾਨ ਜੋ ਵੀ ਦਰੱਖ਼ਤ ਆਏ ਸਨ ਉਨ੍ਹਾਂ ਨੂੰ ਪਹਿਲਾਂ ਹੀ ਠੇਕੇਦਾਰ ਵਲੋਂ ਪੱਟ ਲਿਆ ਗਿਆ ਸੀ ਜਦਕਿ ਇਹ ਦਰੱਖਤ 2019 ਵਿੱਚ ਦੁਬਾਰਾ ਲਾਏ ਗਏ ਸਨ ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦਰੱਖਤਾਂ ਨੂੰ ਕੱਟਣ ਤੋਂ ਠੇਕੇਦਾਰ ਨੂੰ ਰੋਕਿਆ ਜਾਵੇ ਅਤੇ ਜੇਕਰ ਕੋਈ ਛੋਟਾ ਦਰੱਖ਼ਤ ਸੜਕ ਵਿਚ ਆਉਂਦਾ ਵੀ ਹੈ ਤਾਂ ਉਸ ਨੂੰ ਪੁੱਟ ਕੇ ਦੂਸਰੀ ਜਗ੍ਹਾ ’ਤੇ ਲਾ ਦਿੱਤਾ ਜਾਵੇ। ਠੇਕੇਦਾਰ ਪਰਮਿੰਦਰ ਸਿੰਘ ਨੇ ਕਈ ਵਾਰ ਫੋਨ ਕਰਨ ’ਤੇ ਵੀ ਜਵਾਬ ਨਹੀਂ ਦਿੱਤਾ। ਏਡੀਸੀ ਡਿਵੈਲਪਮੈਂਟ ਰਣਬੀਰ ਸਿੰਘ ਮੂਧਲ ਨੇ ਇਸ ਸਬੰਧੀ ਜਾਣਕਾਰੀ ਦੇਣ ਤੋਂ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ।