ਪੱਤਰ ਪੇ੍ਰਕ
ਤਰਨ ਤਾਰਨ, 16 ਨਵੰਬਰ
ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਭੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਪਹਿਲੀ ਨਵੰਬਰ ਤੋਂ ਤਿੰਨ ਮਹੀਨਿਆਂ ਲਈ ਸੂਬੇ ਦੇ ਵੱਖ ਵੱਖ ਪਿੰਡਾਂ-ਕਸਬਿਆਂ ਲਈ ਰਵਾਨਾ ਹੋਇਆ ‘ਪਿੰਡ ਬਚਾਓ-ਪੰਜਾਬ ਬਚਾਓ’ ਕਾਫਲਾ ਅੱਜ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰ ਪੱਠੇਵਿੰਡ (ਡੇਹਰਾ ਸਾਹਿਬ) ਪਿੰਡ ਵਿੱਚ ਪਹੁੰਚਿਆ। ਇਸ ਮੌਕੇ ਨਗਰ ਵਿੱਚ ਕੀਤੇ ਇਕ ਸਮਾਗਮ ਨੂੰ ਗਿਆਨੀ ਕੇਵਲ ਸਿੰਘ ਤੋਂ ਇਲਾਵਾ ਡਾ. ਪਿਆਰੇ ਲਾਲ ਗਰਗ, ਕਰਨੈਲ ਸਿੰਘ ਜਖੇਪਲ, ਡਾ. ਖੁਸ਼ਹਾਲ ਸਿੰਘ, ਕਿਰਨਜੀਤ ਕੌਰ ਝੁਨੀਰ, ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਸੂਬਿਆਂ ਨੂੰ ਵੱਧ ਅਧਿਕਾਰ ਤੇ ਖੁਦਮੁਖਤਾਰੀ (ਫੈਡਰੇਲਿਜ਼ਮ) ਦਿੱਤੇ ਜਾਣ ਦੀ ਮੰਗ ਕੀਤੀ। ਬੁਲਾਰਿਆਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ, ਬਿਜਲੀ ਦੇ ਤਜਵੀਜ਼ਤ ਕਾਨੂੰਨ ਅਤੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਆੜ ਹੇਠ ਲਿਆਂਦੇ ਆਰਡੀਨੈਂਸ ਨੂੰ ਪੰਜਾਬ ਦੀ ਖੇਤੀ, ਵਪਾਰ ਆਦਿ ਲਈ ਘਾਤਕ ਦੱਸਿਆ ਅਤੇ ਕਿਸਾਨ ਸੰਘਰਸ਼ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਨੂੰ ਸੰਵਿਧਾਨਕ ਸੰਸਥਾਵਾਂ ਦੱਸਿਆ ਅਤੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਲੋਂ ਕੀਤੇ ਫ਼ੈਸਲਿਆਂ ਨੂੰ ਹਕੀਕੀ ਬਣਾਉਣਾ ਚਾਹੀਦਾ ਹੈ| ਇਸ ਮੌਕੇ ਦੇਸ਼ ਨਾਲ ਲੱਗਦੀਆਂ ਸਰਹੱਦਾਂ ਖੋਲ੍ਹਣ ਅਤੇ ਨਾਲ ਹੀ ਰੋਜ਼ਗਾਰ, ਸਿੱਖਿਆ, ਸਿਹਤ, ਆਵਾਸ, ਨਰੋਏ ਸਭਿਆਚਾਰ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਬਣਾਉਣ ਲਈ ਜ਼ੋਰ ਦਿੱਤਾ। ਡੇਹਰਾ ਸਾਹਿਬ ਵਿੱਚ ਪਹੁੰਚੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ, ਤਰਸੇਮ ਸਿੰਘ ਫੌਜੀ ਆਦਿ ਨੇ ਮਹਿਤਾ ਕਾਲੂ ਸੇਵਾ ਸੁਸਾਇਟੀ ਦੀ ਅਗਵਾਈ ਵਿੱਚ ਕਾਫਲੇ ਦਾ ਸਵਾਗਤ ਕੀਤਾ। ਬਲਬੀਰ ਸਿੰਘ ਭੱਠਲ ਨੇ ਸਟੇਜ ਸਕੱਤਰ ਦਾ ਸੰਚਾਲਨ ਕੀਤਾ|