ਐਨ.ਪੀ.ਧਵਨ
ਪਠਾਨਕੋਟ, 28 ਜੂਨ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਗੋਦ ਲਏ ਗਏ ਧਾਰ ਬਲਾਕ ਦੇ ਪਿੰਡ ਕਾਹਨਪੁਰ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਵੀ ਪਿੰਡ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ। ਸੰਨੀ ਦਿਓਲ ਨੇ ਇਸ ਪਿੰਡ ਦਾ 16 ਫਰਵਰੀ ਨੂੰ ਦੌਰਾ ਕੀਤਾ ਸੀ ਤੇ ਦੌਰੇ ਸਮੇਂ ਉਨ੍ਹਾਂ ਇਸ ਪਿੰਡ ਨੂੰ ਸੁੰਦਰਗਰਾਮ ਯੋਜਨਾ ਤਹਿਤ ਗੋਦ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਸ ਪਿੰਡ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਪਿੰਡ ਵਿੱਚ ਮਿੰਨੀ ਹਸਪਤਾਲ, ਆਂਗਨਵਾੜੀ ਦੇ ਕਮਰੇ, ਨਿਕਾਸੀ ਪ੍ਰਬੰਧ ਠੀਕ ਕਰਵਾਉਣਗੇ ਅਤੇ ਪੰਚਾਇਤ ਘਰ ਬਣਵਾਉਣਗੇ ਪਰ ਉਸ ਤੋਂ ਬਾਅਦ ਨਾ ਤਾਂ ਅਜੇ ਤੱਕ ਸੰਨੀ ਦਿਓਲ ਨੇ ਪਿੰਡ ਦਾ ਮੁੜ ਕੇ ਦੌਰਾ ਹੀ ਕੀਤਾ ਹੈ ਅਤੇ ਨਾ ਹੀ ਕੋਈ ਵਿਕਾਸ ਕਾਰਜ ਆਰੰਭ ਕਰਵਾਇਆ ਹੈ।ਇਸ ਪੱਤਰਕਾਰ ਨੇ ਪਿੰਡ ਦਾ ਦੌਰਾ ਕਰਨ ਤੇ ਦੇਖਿਆ ਕਿ ਪਿੰਡ ਦੀ ਮੁੱਖ ਮੰਗ ਨਿਕਾਸੀ ਨਾਲੇ ਦੀ ਹੈ। ਪਿੰਡ ਦੇ ਗੰਦੇ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਕਾਰਨ ਪਾਣੀ ਪਿੰਡ ਦੇ ਐਂਟਰੀਗੇਟ ਕੋਲ ਇੱਕ ਖਾਲੀ ਪਏ ਪਲਾਟ ਵਿੱਚ ਛੱਪੜ ਦੇ ਰੂਪ ਵਿੱਚ ਇਕੱਤਰ ਹੋਇਆ ਰਹਿੰਦਾ ਹੈ ਜਿਸ ਉਪਰ ਮੱਖੀ, ਮੱਛਰ ਪਨਪਦਾ ਰਹਿੰਦਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦ ਬਰਸਾਤ ਹੁੰਦੀ ਹੈ ਤਾਂ ਇਹ ਪਾਣੀ ਖਾਲੀ ਪਲਾਟ ਵਿੱਚੋਂ ਉਛਾਲ ਮਾਰ ਕੇ ਐਂਟਰੀਗੇਟ ਮੂਹਰੇ ਸੜਕ ਤੇ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਪਿੰਡ ਵਾਸੀਆਂ ਦਾ ਉਥੋਂ ਲੰਘਣਾ ਦੁੱਭਰ ਹੋ ਜਾਂਦਾ ਹੈ। ਇਸੇ ਤਰ੍ਹਾਂ ਪਿੰਡ ਦੇ ਜੰਝ ਘਰ ਅਤੇ ਡਿਸਪੈਂਸਰੀ ਦੀ ਇਮਾਰਤ ਵੀ ਬਹੁਤ ਖਸਤਾ ਹੈ।ਪਿੰਡ ਦੀ ਮਹਿਲਾ ਸਰਪੰਚ ਕੈਲਾਸ਼ੋ ਦੇਵੀ ਦੇ ਪਤੀ ਪ੍ਰੀਤਮ ਚੰਦ ਨੇ ਦੱਸਿਆ ਕਿ ਉਨ੍ਹਾਂ ਨਿਕਾਸੀ ਨਾਲੇ, ਜੰਝ ਘਰ ਅਤੇ ਡਿਸਪੈਂਸਰੀ ਲਈ 80 ਲੱਖ ਰੁਪਏ ਦਾ ਐਸਟੀਮੇਟ ਬਣਾ ਕੇ ਦਿੱਤਾ ਹੈ ਪਰ ਅਜੇ ਕੋਈ ਫੰਡ ਅਲਾਟ ਨਹੀਂ ਹੋਇਆ।ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਪਿੰਡ ਵਿੱਚ ਐਮਪੀ ਸੰਨੀ ਦਿਓਲ ਵੱਲੋਂ ਮਾਰਚ ਮਹੀਨੇ ਵਿੱਚ ਵਿਕਾਸ ਕਾਰਜ ਸ਼ਰੂ ਕਰਵਾਏ ਜਾਣੇ ਸਨ ਪਰ ਕੋਵਿਡ-19 ਦੀ ਸਮੱਸਿਆ ਖੜ੍ਹੀ ਹੋ ਜਾਣ ਕਾਰਨ ਇਹ ਵਿਕਾਸ ਲਟਕ ਗਿਆ ਹੈ। ਹੁਣ ਜਲਦੀ ਹੀ ਐਮਪੀ ਸੰਨੀ ਦਿਓਲ, ਡਿਪਟੀ ਕਮਿਸ਼ਨਰ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਪਿੰਡ ਦੇ ਵਿਕਾਸ ਲਈ ਫੰਡ ਮੁਹਈਆ ਕਰਵਾਉਣਗੇ।