ਹਰਪ੍ਰੀਤ ਕੌਰ
ਹੁਸ਼ਿਆਰਪੁਰ, 14 ਜੂਨ
ਜ਼ਿਲ੍ਹੇ ਵਿੱਚ ‘ਮਿਸ਼ਨ ਫ਼ਤਿਹ’ ਤਹਿਤ ਵੱਡੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਕੋਵਿਡ-19 ਤੋਂ ਬਚਾਅ ਲਈ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਜਾਗਰੂਕਤਾ ਮੁਹਿੰਮ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਪ੍ਰਚਾਰ ਵਾਹਨਾਂ ਨੂੰ ਰਵਾਨਾ ਕਰਨ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਤੀ ਬਲਾਕ ਦੋ ਅਤੇ ਪ੍ਰਤੀ ਸ਼ਹਿਰ ਦੋ ਪ੍ਰਚਾਰ ਵਾਹਨਾਂ ਸਮੇਤ ਕੁੱਲ 41 ਵਾਹਨ ਜ਼ਿਲ੍ਹਾ ਵਾਸੀਆਂ ਨੂੰ ‘ਮਿਸ਼ਨ ਫ਼ਤਿਹ’ ਦਾ ਸੁਨੇਹਾ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿਚ ਜਨਤਾ ਨੂੰ ਕੋਵਿਡ-19 ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਖਬਰਦਾਰ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵਾਹਨ ਜ਼ਿਲ੍ਹੇ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਜਾਣਗੇ।
ਗੁਰਦਾਸਪੁਰ(ਜਤਿੰਦਰ ਬੈਂਸ): ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹੇ ਭਰ ਅੰਦਰ 39 ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਜਾਗਰੂਕਤਾ ਵੈਨਾਂ ਵਲੋਂ ਪੇਂਡੂ, ਸ਼ਹਿਰੀ ਅਤੇ ਕਸਬਿਆਂ ਵਿੱਚ ਜਾ ਕੇ ਜਾਗਰੂਕ ਕੀਤਾ ਗਿਆ।
ਬਟਾਲਾ(ਦਲਬੀਰ ਸੱਖੋਵਾਲੀਆ): ਇਥੇ ਇਸ ਜਾਗਰੂਕਤਾ ਮੁਹਿੰਮ ਦਾ ਆਗਾਜ਼ ਸਥਾਨਕ ਐੱਸਡੀਐੱਮ ਬਲਵਿੰਦਰ ਸਿੰਘ ਨੇ ਪ੍ਰਚਾਰ ਵਾਹਨਾਂ ਨੂੰ ਰਵਾਨਾ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਬ-ਡਵੀਜ਼ਨ ਬਟਾਲਾ ਦੇ ਵੱਖ-ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਜਨਤਾ ਨੂੰ ਕੋਵਿਡ-19 ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਪ੍ਰਤੀ ਖ਼ਬਰਦਾਰ ਕੀਤਾ ਜਾਵੇਗਾ ਅਤੇ ਇਹ ਪ੍ਰਚਾਰ ਵਾਹਨ ਤਹਿਸੀਲ ਹਰ ਪਿੰਡ ਤੇ ਸ਼ਹਿਰ ਵਿੱਚ ਜਾਣਗੇ। ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਅਧਿਕਾਰਿਤ ਤੌਰ ’ਤੇ ਮਿਸ਼ਨ ਫ਼ਤਿਹ ਤਹਿਤ ਹੋਣ ਵਾਲੀਆਂ ਜ਼ਮੀਨੀ ਗਤੀਵਿਧੀਆਂ ਦੀ ਆਰੰਭਤਾ ਕੀਤੀ ਜਾਵੇਗੀ।
ਕਪੂਰਥਲਾ(ਧਿਆਨ ਸਿੰਘ ਭਗਤ): ਇਥੇ ਡਿਪਟੀ ਕਮਿਸ਼ਨਰ ਦੀਪਤੀ ਉਪਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹੇ ਭਰ ਵਿਚ ਚੱਲਣ ਵਾਲੀ ਵਿਸ਼ਾਲ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਨ ਮੌਕੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਆਡੀਓ ਸਿਸਟਮ ਨਾਲ ਲੈਸ ਪ੍ਰਚਾਰ ਵੈਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਰੋਜ਼ਾਨਾ ਕੀਤੇ ਜਾ ਰਹੇ ਨੇ 450 ਟੈਸਟ: ਡੀਸੀ
ਹੁਸ਼ਿਆਰਪੁਰ(ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਜ਼ਿਲ੍ਹੇ ਵਿੱਚ ਕਰੋਨਾ-19 ਸਬੰਧੀ ਰੋਜ਼ਾਨਾ ਕਰੀਬ 450 ਟੈਸਟ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਟੈਸਟਾਂ ਦੇ ਜਲਦੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਾ ਐਪ ਡਾਊਨਲੋਡ ਕਰਕੇ ਕੋਵਿਡ-19 ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਵਾ ਐਪ ’ਤੇ ਈ-ਪਾਸ ਦੀ ਸੁਵਿਧਾ ਆਦਿ ਸਮੇਤ ਕਰੋਨਾ ਬਾਰੇ ਜਾਣਕਾਰੀ ਉਪਲਬੱਧ ਹੈ।
ਨਗਰ ਨਿਗਮ ਵੱਲੋਂ ਤਿੰਨ ਟੈਂਪੂ ਰਵਾਨਾ
ਫਗਵਾੜਾ(ਪੱਤਰ ਪ੍ਰੇਰਕ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਕਮਾ ਤਹਿਤ ਕਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਤਿੰਨ ਟੈਂਪੂ ਰਵਾਨਾ ਕੀਤੇ। ਜਿਨ੍ਹਾਂ ਨੂੰ ਏਡੀਸੀ ਰਾਜੀਵ ਵਰਮਾ ਤੇ ਹਨੀ ਧਾਲੀਵਾਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾ ਦੁਆਰਾ ਪੰਜਾਬ ਸਰਕਾਰ ਦੇ ਸੰਦੇਸ਼ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾ ਤੇ ਸਾਵਧਾਨੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ।