ਤਰਨ ਤਾਰਨ: ਝਬਾਲ ਪੁਲੀਸ ਨੇ ਸੋਮਵਾਰ ਨੂੰ ਇਲਾਕੇ ਦੇ ਪਿੰਡ ਭੋਜੜਾਂਵਾਲ ਵਾਲਾ ਕੋਲੋਂ ਵਾਹਨ ਚੋਰੀ ਕਰਨ ਵਾਲੇ ਦੋ-ਮੈਂਬਰੀ ਗਰੋਹ ਨੂੰ ਕਾਬੂ ਕੀਤਾ ਹੈ| ਪੁਲੀਸ ਵੱਲੋਂ ਕੀਤੀ ਪੁੱਛਪਿੱਛ ਤੇ ਉਨ੍ਹਾਂ ਵੱਲੋਂ ਚੋਰੀ ਕੀਤੇ ਕੁੱਲ 20 ਮੋਟਰਸਾਈਕਲ ਬਰਾਮਦ ਹੋਏ ਹਨ| ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਝਬਾਲ ਵਾਸੀ ਰਮਨਦੀਪ ਸਿੰਘ ਤੇ ਚਮਕੌਰ ਸਿੰਘ ਦੇ ਤੌਰ ਤੇ ਕੀਤੀ ਗਈ ਹੈ| ਮੁਲਜ਼ਮਾਂ ਨੂੰ ਸੋਮਵਾਰ ਨੂੰ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ ਜਿਸ ’ਤੇ ਅਗਲੇਰੀ ਜਾਂਚ ਕਰਨ ’ਤੇ ਮੁਲਜ਼ਮਾਂ ਨੇ ਵੱਖ ਵੱਖ ਥਾਵਾਂ ’ਤੇ ਰੱਖੇ 19 ਹੋਰ ਮੋਟਰਸਾਈਕਲ ਬਰਾਮਦ ਕਰਵਾਏ| ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਦਫ਼ਾ 379, 411, 414 ਅਧੀਨ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੂਰ ਦੁਰੇਡੇ ਦੀਆਂ ਥਾਵਾਂ ਤੋਂ ਮੋਟਰਸਾਈਕਲ ਆਦਿ ਚੋਰੀ ਕਰਕੇ ਅੱਗੇ ਸਸਤੇ ਵੇਚ ਦਿੰਦੇ ਸੀ| ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਪੇਸ਼ ਕੀਤਾ ਜਿਥੋਂ ਅਦਾਲਤ ਨੇ ਮੁਲਜ਼ਮਾਂ ਕੋਲੋਂ ਹੋਰ ਪੁੱਛ-ਗਿੱਛ ਕਰਨ ਲਈ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ| ਇਕ ਹੋਰ ਸੂਚਨਾ ਅਨੁਸਾਰ ਥਾਣਾ ਸਦਰ ਪੁਲੀਸ ਨੇ ਰਸੂਲਪੁਰ ਨਹਿਰਾਂ ਕੋਲੋਂ ਤਰਨ ਤਾਰਨ ਸ਼ਹਿਰ ਨੇੜਲੇ ਪਿੰਡ ਠਰੂ ਦੇ ਵਾਸੀ ਧਰਮਿੰਦਰ ਸਿੰਘ ਨੂੰ ਚੋਰੀ ਕੀਤੀ ਇਕ ਐਕਟਿਵਾ ਸਣੇ ਗ੍ਰਿਫ਼ਤਾਰ ਕੀਤਾ ਸੀ| ਉਸਨੇ ਕੀਤੀ ਪੁੱਛਗਿੱਛ ’ਤੇ ਚੋਰੀ ਕੀਤੇ ਚਾਰ ਹੋਰ ਮੋਟਰਸਾਈਕਲ ਬਰਾਮਦ ਕਰਵਾਏ| -ਪੱਤਰ ਪ੍ਰੇਰਕ