ਹਰਪਾਲ ਸਿੰਘ ਨਾਗਰਾ
ਫਤਿਹਗੜ੍ਹ ਚੂੜੀਆਂ, 18 ਅਗਸਤ
ਸਥਾਨਕ ਬਟਾਲਾ ਰੋਡ ’ਤੇ ਸਥਿੱਤ ਨਿਊ ਮਹਾਜਨ ਹਸਪਤਾਲ ਦੇ ਮੁੱਖ ਡਾ. ਕੇ.ਕੇ ਮਹਾਜਨ ਦੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁੱਟਮਾਰ, ਗਾਲੀ- ਗਲੋਚ ਅਤੇ ਸਾਮਾਨ ਦੀ ਭੰਨ ਤੋੜ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕੇ. ਕੇ ਮਹਾਜਨ ਨੇ ਦੱਸਿਆ ਕਿ ਸੱਪ ਦਾ ਡੰਗਿਆ ਮਰੀਜ਼ ਹਰਭਜਨ ਸਿੰਘ (75) ਪੁੱਤਰ ਮਹਿੰਗਾ ਸਿੰਘ ਵਾਸੀ ਹਰਦੋਰਵਾਲ ਨਾਜ਼ੁਕ ਹਾਲਤ ਵਿੱਚ ਉਨ੍ਹਾਂ ਦੇ ਹਸਪਤਾਲ ਵਿੱਚ ਇਲਾਜ ਲਈ ਆਇਆ ਸੀ। ਇਲਾਜ਼ ਦੌਰਾਨ ਮਰੀਜ਼ ਦੀ ਹਾਲਤ ਵਿੱਚ ਥੋੜ੍ਹਾ ਸੁਧਾਰ ਹੋ ਗਿਆ, ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਬਰਾਂ ਨੂੰ ਉਨ੍ਹਾਂ ਦਫ਼ਤਰ ਵਿਚ ਗੱਲਬਾਤ ਵਾਸਤੇ ਬੁਲਾਇਆ ਅਤੇ ਅਚਾਨਕ ਮਰੀਜ਼ ਦੇ ਪਰਿਵਾਰਕ ਮੈਬਰਾਂ ਨੇ ਮਰੀਜ਼ ਦੀ ਮੌਤ ਦਾ ਰੌਲਾ ਪਾ ਕੇ ਹੰਗਾਮਾ ਕਰਨਾ ਸ਼ੁਰੂ ਦਿੱਤਾ। ਮਰੀਜ਼ ਦੇ ਪੁੱਤਰ ਰਣਯੋਧ ਸਿੰਘ ਨੇ ਗੁੱਸੇ ਵਿੱਚ ਆ ਕੇ ਸਟੂਲ ਚੁੱਕ ਕੇ ਇੱਕ ਕਰਮਚਾਰੀ ਦੇ ਮਾਰਿਆ, ਜਿਸ ਨਾਲ ਕਾਊਂਟਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਤੋਂ ਬਾਅਦ ਉਸ ਨੇ ਮੇਰੇ ਅਤੇ ਹਸਪਤਾਲ ਦੇ ਸਟਾਫ਼ ਉਪਰ ’ਤੇ ਕੰਟੀਨ ਦੇ ਮਾਲਕ ਗੁਰਪ੍ਰੀਤ ਉਪਰ ਹਮਲਾ ਕਰ ਦਿੱਤਾ।
ਉਨ੍ਹਾਂ ਲਿਖਤੀ ਸ਼ਿਕਾਇਤ ਸਮੂਹ ਡਾਕਟਰ ਯੂਨੀਅਨ ਨਾਲ ਮਿਲ ਕੇ ਫਤਿਹਗੜ੍ਹ ਚੂੜੀਆਂ ਥਾਣੇ ਵਿੱਚ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਸੀ ਪਰ ਦੋਸ਼ੀ ਉਪਰ ਮੁਕੱਦਮਾ ਦਰਜ ਨਾ ਹੋਣ ਕਾਰਨ ਦੁਬਾਰਾ ਡਾਕਟਰ ਯੂਨੀਅਨ ਦੇ ਵਫ਼ਦ ਵੱਲੋਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਪਹੁੰਚ ਕੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਸਬ ਇੰਸਪੈਕਟਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ’ਤੇ ਰਿਪੋਰਟ ਮੁਤਾਬਿਕ ਦੋਸ਼ੀ ਖ਼ਿਲਾਫ਼ ਬਣਦੀ ਕਰਵਾਈ ਕੀਤੀ ਜਾਵੇਗੀ। ਡਾਕਟਰ ਦੀ ਮੈਡੀਕਲ ਰਿਪਰੋਟ ਦੀ ਉਡੀਕ ਕੀਤੀ ਜਾ ਰਹੀ ਹੈ।
ਮਰੀਜ਼ ਦੇ ਰਿਸ਼ਤੇਦਾਰਾਂ ਨੇ ਡਾਕਟਰ ਉੱਤੇ ਗੁੰਮਰਾਹ ਕਰਨ ਦਾ ਦੋਸ਼ ਲਾਇਆ
ਮਰੀਜ਼ ਹਰਭਜਨ ਸਿੰਘ ਦੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਡਾਕਟਰ ਨੇ ਸਾਨੂੰ ਦਫਤਰ ਵਿੱਚ ਬੁਲਾ ਕੇ ਕਿਹਾ ਕਿ ਮਰੀਜ਼ ਦੀ ਮੌਤ ਹੋ ਗਈ ਹੈ, ਜਦੋ ਇਹ ਗੱਲ ਮੈਂ ਬਾਹਰ ਆ ਕੇ ਆਪਣੇ ਭਤੀਜੇ ਰਣਯੋਧ ਸਿੰਘ ਨੂੰ ਦੱਸੀ ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਪਹਿਲਾ ਸਟੂਲ ਚੁੱਕ ਲਿਆ ਤੇ ਬਾਅਦ ਵਿਚ ਸਟਾਫ ਨਾਲ ਹੱਥੋਪਾਈ ਹੋ ਗਿਆ, ਕਿਉਂਕਿ ਮਰੀਜ਼ ਦੀ ਮੌਤ ਨਹੀਂ ਹੋਈ ਸੀ। ਹੁਣ ਮਰੀਜ਼ ਅੰਮ੍ਰਿਤਸਰ ਦੇ ਹਸਪਤਾਲ ਵਿਚ ਜੇਰੇ ਇਲਾਜ ਹੈ।