ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜੁਲਾਈ
ਮੈਡੀਕਲ ਸਿੱਖਿਆ ਬਾਰੇ ਮੰਤਰੀ ਓਪੀ ਸੋਨੀ ਨੇ ਆਖਿਆ ਕਿ ਪੰਜਾਬ ਦੇ ਮੈਡੀਕਲ ਕਾਲਜਾਂ ’ਚ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਜਲਦੀ ਹੀ ਸਾਰੇ ਮੈਡੀਕਲ ਕਾਲਜਾਂ ਦੀਆਂ ਅਸਾਮੀਆਂ ਭਰ ਦਿੱਤੀਆਂ ਜਾਣਗੀਆਂ। ਇਹ ਪ੍ਰਗਟਾਵਾ ਉਨ੍ਹਾਂ ਨੇ ਸਰਕਟ ਹਾਊਸ ਵਿਚ ਜ਼ਿਲ੍ਹਾ ਅਧਿਕਾਰੀਆਂ ਨਾਲ ਕਰੋਨਾ ਮਾਮਲੇ ਸਬੰਧੀ ਕੀਤੀ ਹਫਤਾਵਾਰੀ ਮੀਟਿੰਗ ਦੌਰਾਨ ਕੀਤਾ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਇਨ੍ਹਾਂ ਪੋਸਟਾਂ ਤੋਂ ਇਲਾਵਾ ਵੀ ਜੇਕਰ ਅਮਲੇ ਦੀ ਕਿਸੇ ਖੇਤਰ ਵਿਚ ਲੋੜ ਪੈਂਦੀ ਹੈ ਤਾਂ ਉਹ ਇਸ ਸਬੰਧੀ ਅਧਿਕਾਰ ਕਾਲਜ ਪ੍ਰਿੰਸੀਪਲਾਂ ਨੂੰ ਦਿੱਤੇ ਗਏ ਹਨ ਕਿ ਉਹ ਆਊਟ ਸੋਰਸਿੰਗ ਰਾਹੀਂ ਇਹ ਭਰਤੀ ਕਰ ਸਕਦੇ ਹਨ। ਸ਼ਹਿਰ ਵਿਚ ਕਰੋਨਾ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਸ਼ਹਿਰ ’ਚ ਸਥਿਤੀ ਕਾਬੂ ਹੇਠ ਹੈ ਪਰ ਲਾਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ਼ਹਿਰ ਵਾਸੀ ਮਾਸਕ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਹਿ ਤਹਿਤ ਲੋਕਾਂ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਬਾਰੇ ਦੱਸ ਰਹੇ ਹਨ ਪਰ ਅਜੇ ਵੀ ਕੁਝ ਲੋਕ ਸੜਕ ’ਤੇ ਬਿਨਾਂ ਮਾਸਕ ਪਾਏ ਅਤੇ ਬਿਨਾਂ ਦੂਰੀ ਰੱਖੇ ਘੁੰਮਦੇ ਨਜ਼ਰ ਆਉਂਦੇੇ ਹਨ, ਜੋ ਕਿ ਉਚਿਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਤਿੰਨ ਲੱਖ ਤੋਂ ਵੱਧ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਹੁਣ ਅੰਮ੍ਰਿਤਸਰ ਵਿਚ ਰੋਜ਼ਾਨਾ ਤਿੰਨ ਹਜ਼ਾਰ ਟੈਸਟਾਂ ਦੀ ਜਾਂਚ ਹੋ ਰਹੀ ਹੈ।
ਮੀਟਿੰਗ ’ਚ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਦੀ ਕਮਿਸ਼ਨਰ ਕੋਮਲ ਮਿੱਤਲ, ਡਾ. ਹਿਮਾਸ਼ੂੰ ਅਗਰਵਾਲ, ਡਾ. ਰਾਜੀਵ ਦੇਵਗਨ, ਡਾ. ਨਵਦੀਪ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।