ਐੱਨ. ਪੀ. ਧਵਨ
ਪਠਾਨਕੋਟ, 5 ਨਵੰਬਰ
ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਪਠਾਨਕੋਟ-ਜਲੰਧਰ ਹਾਈਵੇਅ ’ਤੇ ਨੰਗਲਭੂਰ ਕੋਲ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਦੋਸਤ ਬਲੈਨੋ ਕਾਰ ਵਿੱਚ ਸਵਾਰ ਸਨ ਅਤੇ ਨੰਗਲਭੂਰ ਕੋਲ ਇੰਨ੍ਹਾਂ ਦੀ ਕਾਰ ਸੜਕ ਕਿਨਾਰੇ ਸਕੂਟੀ ਨਾਲ ਟਕਰਾਉਣ ਮਗਰੋਂ ਬੇਕਾਬੂ ਹੋ ਕੇ ਪਲਟ ਗਈ ਤੇ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੋਬਿੰਦਾ ਵਾਸੀ ਸੁਜਾਨਪੁਰ ਅਤੇ ਉਸ ਦੇ ਦੋਸਤ ਅਜੇ ਕੁਮਾਰ ਵੱਜੋਂ ਹੋਈ ਹੈ।
ਛੰਨੀ ਬੇਲੀ ਵਾਸੀ ਸਤੀਸ਼ ਕੁਮਾਰ ਨੇ ਪੁਲੀਸ ਨੂੰ ਹਸਪਤਾਲ ਵਿੱਚ ਬਿਆਨ ਦਰਜ ਕਰਵਾਇਆ ਕਿ ਉਹ ਅਤੇ ਉਸ ਦਾ ਭਤੀਜਾ ਦੀਪਕ ਕੁਮਾਰ ਆਪਣੀ ਸਕੂਟੀ ਨੂੰ ਠੀਕ ਕਰਵਾਉਣ ਲਈ ਪਿੰਡ ਭੂਰ ਵਿੱਚ ਸੜਕ ਕਿਨਾਰੇ ਮਕੈਨਿਕ ਦੀ ਦੁਕਾਨ ਅੱਗੇ ਖੜ੍ਹੇ ਸਨ। ਇਸੇ ਦੌਰਾਨ ਬਲੈਨੋ ਕਾਰ ਆਈ ਅਤੇ ਸਿੱਧੀ ਉਸ ਦੀ ਸਕੂਟੀ ਵਿੱਚ ਵੱਜੀ। ਹਾਦਸੇ ਕਾਰਨ ਉਹ ਅਤੇ ਉਸ ਦਾ ਭਤੀਜਾ ਸੜਕ ਕਿਨਾਰੇ ਡਿੱਗ ਗਏ। ਹਾਦਸੇ ਵਿੱਚ ਉਸ ਦੀ ਬਾਂਹ ਅਤੇ ਦੋਨੋਂ ਲੱਤਾਂ ’ਤੇ ਡੂੰਘੀਆਂ ਸੱਟਾਂ ਵੱਜੀਆਂ। ਉਸ ਦੇ ਭਤੀਜੇ ਨੂੰ ਵੀ ਸੱਟਾਂ ਲੱਗੀਆਂ ਹਨ। ਸੰਤੁਲਨ ਵਿਗੜਨ ਕਾਰਨ ਕਾਰ ਪਲਟ ਗਈ। ਨੰਗਲਭੂਰ ਥਾਣਾ ਮੁਖੀ ਦੀਪਕ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਦੋ ਜ਼ਖ਼ਮੀਆਂ ਨੇ ਦਮ ਤੋੜਿਆ
ਤਰਨ ਤਾਰਨ (ਗੁਰਬਖ਼ਪੁਰੀ) : ਇਲਾਕੇ ਦੇ ਪਿੰਡ ਵਲੀਪੁਰ ਨੇੜੇ ਤਿੰਨ ਦਿਨ ਪਹਿਲਾਂ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੇ ਬੀਤੇ ਦਿਨ ਦਮ ਤੋੜ ਦਿੱਤਾ। ਮ੍ਰਿਤਕ ਦੀ ਸ਼ਨਾਖਤ ਸਰਬਜੀਤ ਸਿੰਘ (35) ਵਾਸੀ ਰੁੜੇਆਸਲ ਵਜੋਂ ਹੋਈ ਹੈ| ਉਹ ਮੋਟਰਸਾਈਕਲ ’ਤੇ ਪਿੰਡ ਪਰਤ ਰਿਹਾ ਸੀ ਤੇ ਜਿਵੇਂ ਹੀ ਵਲੀਪੁਰ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆਉਂਦੀ ਕਾਰ ਨੇ ਉਸ ਨੂੰ ਲਪੇਟ ਵਿੱਚ ਲੈ ਲਿਆ| ਸਰਬਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ ਜਿਥੇ ਉਹ ਵੀਰਵਾਰ ਨੂੰ ਦਮ ਤੋੜ ਗਿਆ| ਕਾਰ ਚਾਲਕ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ| ਇਸ ਦੌਰਾਨ ਤਰਨ ਤਾਰਨ-ਖਡੂਰ ਸਾਹਿਬ ਸੜਕ ’ਤੇ ਭੁੱਲਰ ਪਿੰਡ ਨੇੜੇ ਇਕ ਮਹੀਨਾ ਪਹਿਲਾਂ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਬੀਤੇ ਦਿਨ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕੀਤਾ ਹੈ| ਇਸ ਹਾਦਸੇ ਵਿੱਚ 5 ਅਕਤੂਬਰ ਨੂੰ ਕਾਲਾਂਵਾਲੀ (ਹਰਿਆਣਾ) ਵਾਸੀ ਪ੍ਰਿਤਪਾਲ ਸਿੰਘ (79) ਜ਼ਖ਼ਮੀ ਹੋ ਗਿਆ ਸੀ ਤੇ 20 ਅਕਤੂਬਰ ਨੂੰ ਉਸ ਨੇ ਪਟਿਆਲਾ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ|