ਤਰਨ ਤਾਰਨ: ਇਲਾਕੇ ਦੇ ਕਾਲਜਾਂ ਦੇ ਵਿਦਿਆਰਥੀਆਂ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੱਲ੍ਹ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਸੈਵਨ ਸਟਾਰ ਹੋਟਲ ਨੇੜੇ ਦੋ ਧਿਰਾਂ ਦਰਮਿਆਨ ਗੋਲੀ ਚੱਲਣ ਨਾਲ ਤਿੰਨ ਰਾਹਗੀਰ ਜਖ਼ਮੀ ਹੋ ਗਏ| ਗੋਲੀਆਂ ਚਲਾਊਣ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਰਾਹਗੀਰਾਂ ਨੂੰ ਉਨ੍ਹਾਂ ਦੇ ਸਕੇ-ਸਬੰਧੀ ਆਦਿ ਦੀ ਮਦਦ ਨਾਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ। ਪੁਲੀਸ ਨੇ ਦੱਸਿਆ ਕਿ ਇਸ ਸਬੰਧੀ 18 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਵਿੱਚੋਂ ਤਰਨ ਤਾਰਨ ਵਾਸੀ ਭਗਵਾਨ ਸਿੰਘ, ਦਵਿੰਦਰ ਸਿੰਘ, ਰਵੀ ਅਤੇ ਨੂਦਰੀ ਅੱਡਾ ਦੇ ਵਾਸੀ ਇੰਦਰਜੀਤ ਸਿੰਘ ਦੀ ਸ਼ਨਾਖ਼ਤ ਕਰ ਲਈ ਗਈ ਹੈ| ਪੁਲੀਸ ਨੇ ਦੱਸਿਆ ਕਿ ਇਲਾਕੇ ਦੇ ਇਕ ਕਾਲਜ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਨੂੰ ਲੈ ਕੇ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ ਸਨ ਜਿਨ੍ਹਾਂ ਨੇ ਇਕ-ਦੂਜੇ ’ਤੇ ਝਗੜੇ ਮਗਰੋਂ ਗੋਲੀਆਂ ਚਲਾ ਦਿੱਤੀਆਂ| –ਪੱਤਰ ਪ੍ਰੇਰਕ