ਪੱਤਰ ਪ੍ਰੇਰਕ
ਤਰਨ ਤਾਰਨ, 29 ਅਪਰੈਲ
ਜ਼ਿਲ੍ਹਾ ਪੁਲੀਸ ਵੱਲੋਂ ਲੁੱਟ-ਖੋਹ ਕਰਨ ਵਾਲੇ ਸੱਤ ਮੈਂਬਰੀ ਗਰੋਹ ਦੇ ਚਾਰ ਫ਼ਰਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ| ਇਸੇ ਤਰ੍ਹਾਂ ਸਥਾਨਕ ਸੀਆਈਏ ਸਟਾਫ ਦੀ ਪੁਲੀਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਅਸਲੇ ਸਣੇ ਕਾਬੂ ਕੀਤਾ ਗਿਆ ਹੈ|
ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਸੁਖਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਦਾਣਾ ਸ਼ਾਮਲ ਹਨ| ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗਰੋਹ ਦੇ ਕਰਨਦੀਪ ਸਿੰਘ, ਹਰਮਨਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਤਰਨ ਤਾਰਨ ਪੁਲੀਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ| ਇਸ ਗਰੋਹ ਦੇ ਦੋ ਮੈਂਬਰ ਗੁਰਪ੍ਰੀਤ ਸਿੰਘ ਤੇ ਜਗਰੂਪ ਸਿੰਘ ਅਜੇ ਵੀ ਫ਼ਰਾਰ ਹਨ| ਐਸਐਸਪੀ ਨੇ ਦੱਸਿਆ ਕਿ ਸੁਖਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਕੀਤੇ ਗਏ ਹਨ| ਇਸ ਗਰੋਹ ਖਿਲਾਫ਼ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ 11 ਅਪਰੈਲ ਨੂੰ ਕੇਸ ਦਰਜ ਕੀਤਾ ਸੀ| ਅਦਾਲਤ ਵਿੱਚ ਪੇਸ਼ ਕਰਨ ’ਤੇ ਮੁਲਜ਼ਮਾਂ ਦਾ ਦੋ ਰੋਜ਼ਾ ਰਿਮਾਂਡ ਮਨਜ਼ੂਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਪੜਤਾਲ ਦੌਰਾਨ ਕਈ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਸੇ ਤਰ੍ਹਾਂ ਐੱਸਐੱਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਪਾਰਟੀ ਵੱਲੋਂ ਸਬ ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਕੱਦਗਿੱਲ ਤੋਂ ਗੁਰਲਾਲ ਸਿੰਘ ਨੂੰ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ| ਉਹ ਧਮਕੀਆਂ ਦੇ ਕੇ ਭੋਲੇ-ਭਾਲੇ ਲੋਕਾਂ ਕੋਲੋਂ ਫਿਰੌਤੀਆਂ ਮੰਗਦਾ ਆ ਰਿਹਾ ਸੀ| ਗੁਰਲਾਲ ਸਿੰਘ ਇੱਕ ਕਤਲ ਦੇ ਗਵਾਹ ਨੂੰ ਧਮਕਾਉਣ ਲਈ ਵੀ ਦੋਸ਼ੀ ਹੈ| ਉਸ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਨਾਜਾਇਜ਼ ਅਸਲਾ ਤੇ ਕਾਰ ਜ਼ਬਤ; ਮੁਲਜ਼ਮ ਫ਼ਰਾਰ
ਮਜੀਠਾ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਘਰ ਵਿਚ ਛਾਪਾ ਮਾਰ ਕੇ 4 ਲੱਖ 92 ਹਜ਼ਾਰ ਡਰੱਗ ਮਨੀ, ਦੋ ਪਿਸਤੌਲ, 33 ਕਾਰਤੂਸ ਬਰਾਮਦ ਕੀਤੇ ਹਨ। ਇਸ ਦੌਰਾਨ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ। ਐਸਪੀ ਡੀ ਮਨੋਜ ਠਾਕੁਰ ਨੇ ਦੱਸਿਆ ਕਿ ਪਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰੋਮਾਣਾ ਚੱਕ ਵਾਸੀ ਜਗਰੂਪ ਸਿੰਘ ਦੇ ਘਰ ਛਾਪਾ ਮਾਰਿਆ। ਪੁਲੀਸ ਨੇ ਘਰ ਵਿੱਚੋਂ ਅਸਲਾ ਤੇ ਇੱਕ ਕਾਰ ਅਤੇ ਨਗਦੀ ਜ਼ਬਤ ਕੀਤੀ ਹੈ। ਇਸ ਦੌਰਾਨ ਜਗਰੂਪ ਤੇ ਉਸ ਦਾ ਸਾਥੀ ਗੁਰਸ਼ਰਨਜੀਤ ਸਿੰਘ ਵਾਸੀ ਪਿੰਡ ਗੁਮਤੀ ਖੁਰਦ ਫ਼ਰਾਰ ਹੋ ਗਏ। ਪੁਲੀਸ ਨੇ ਦੋਵਾਂ ਖ਼ਿਲਾਫ਼ ਮਜੀਠਾ ਥਾਣੇ ਵਿਚ ਕੇਸ ਦਰਜ ਕੀਤਾ ਹੈ।