ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 22 ਅਕਤੂਬਰ
ਜੰਡਿਆਲਾ ਗੁਰੂ ਵਿੱਚ ਬੀਤੀ ਰਾਤ (21 ਅਕਤੂਬਰ) ਕਰੀਬ ਅੱਠ ਵਜੇ ਮੋਟਰਸਾਈਕਲ ’ਤੇ ਆਏ ਦੋ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉੱਪਰ ਇਥੇ ਨਗਰ ਕੌਂਸਲ ਦੇ ਦਫ਼ਤਰ ਅੱਗੇ ਸਥਿਤ ਧਾਮੀ ਟਰੈਵਲ ਏਜੰਟ ਦੇ ਦਫ਼ਤਰ ਵਿੱਚੋਂ ਕਰੀਬ 3 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਲੁੱਟ ਕਰਨ ਮਗਰੋਂ ਦੌੜ ਰਹੇ ਲੁਟੇਰਿਆਂ ਨੇ ਫਾਇਰ ਵੀ ਕੀਤਾ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਧਾਮੀ ਟਰੈਵਰ ਟਰੈਵਲ ਏਜੰਟ ਦੇ ਮਾਲਕ ਤਰਨਜੀਤ ਸਿੰਘ ਲਵਲੀ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਵਿੱਚ ਆਪਣੇ ਬੇਟੇ ਨਾਲ ਮੌਜੂਦ ਸਨ ਤੇ ਉਥੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰੇ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਦੂਸਰਾ ਵਿਅਕਤੀ ਮੋਨਾ ਸੀ। ਉਸ ਨੇ ਟੋਪੀ ਪਾਈ ਸੀ ਅਤੇ ਇਨ੍ਹਾਂ ਦੋਹਾਂ ਕੋਲ ਹੱਥਾਂ ਵਿੱਚ ਪਿਸਤੌਲ ਫੜੇ ਹੋਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਪੱਗ ਵਾਲੇ ਲੁਟੇਰੇ ਨੇ ਪਿਸਤੌਲ ਦਿਖਾ ਕੇ ਧਮਕਾਉਂਦਿਆਂ ਹੋਇਆਂ ਕਾਉਂਟਰ ਦੇ ਦਰਾਜ ਵਿੱਚ ਪਈ ਹੋਈ ਕਰੀਬ ਤਿੰਨ ਲੱਖ ਰੁਪਏ ਦੀ ਨਕਦੀ ਕੱਢ ਲਈ। ਇਹ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਇਸ ਘਟਨਾ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਘਟਨਾ ਦੇ ਤੁਰੰਤ ਹੀ ਬਾਜ਼ਾਰ ਬੰਦ ਹੋਣਾ ਸ਼ੁਰੂ ਹੋ ਗਿਆ ਸੀ।
ਪੁਲੀਸ ਵੱਲੋਂ ਲੁਟੇਰਿਆਂ ਨੂੰ ਜਲਦੀ ਕਾਬੂ ਕਰਨ ਦਾ ਦਾਅਵਾ
ਮੌਕੇ ਉੱਤੇ ਪਹੁੰਚੇ ਚੌਕੀ ਇੰਚਾਰਜ ਐੱਸਆਈ ਦਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਪੁਲੀਸ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਹੀ ਕਾਬੂ ਕਰ ਲਵੇਗੀ। ਇਸ ਘਟਨਾ ਨਾਲ ਤਿਉਹਾਰ ਦੇ ਦਿਨਾਂ ਮੌਕੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।