ਹਰਜੀਤ ਸਿੰਘ ਪਰਮਾਰ
ਬਟਾਲਾ, 6 ਮਈ
ਸਥਾਨਕ ਕਚਹਿਰੀਆਂ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿਸੇ ਗੱਲ ਨੂੰ ਲੈ ਕੇ ਦੋ ਵਕੀਲਾਂ ਵਿੱਚ ਹੋਈ ਤਕਰਾਰ ਵਧ ਕੇ ਕੁੱਟਮਾਰ ਤੱਕ ਪਹੁੰਚ ਗਈ। ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਦੋ ਵਕੀਲਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਤਕਰਾਰ ਹੋ ਗਈ ਤਾਂ ਮਾਮਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਕੋਲ ਗਿਆ ਪਰ ਉੱਥੇ ਮਾਮਲਾ ਸ਼ਾਂਤ ਹੋਣ ਦੀ ਬਜਾਇ ਉਸ ਵੇਲੇ ਹੋਰ ਵਧ ਗਿਆ ਜਦੋਂ ਇੱਕ ਵਕੀਲ ਨੇ ਦੂਜੇ ਵਕੀਲ ਦੇ ਥੱਪੜ ਮਾਰ ਦਿੱਤੇ। ਉਪਰੰਤ ਉਕਤ ਵਕੀਲ ਨੇ ਦੂਜੇ ਵਕੀਲ ਨੂੰ ਸਬਕ ਸਿਖਾਉਣ ਲਈ ਆਪਣੇ ਸਾਥੀਆਂ ਨੂੰ ਕੋਰਟ ਕੰਪਲੈਕਸ ’ਚ ਬੁਲਾ ਲਿਆ ਅਤੇ ਉਸ ਦੇ ਸਾਥੀ ਤੇਜ਼ਧਾਰ ਹਥਿਆਰਾਂ ਸਣੇ ਕੋਰਟ ਕੰਪਲੈਕਸ ਦੀ ਪਾਰਕਿੰਗ ’ਚ ਪਹੁੰਚ ਗਏ ਅਤੇ ਦੂਜੇ ਵਕੀਲ ਨੂੰ ਲਲਕਾਰਨਾ ਸ਼ੁਰੂ ਕਰ ਦਿੱਤਾ। ਮਾਮਲਾ ਵਧਦਾ ਵੇਖ ਵਕੀਲਾਂ ਨੇ ਹੀ ਪੁਲੀਸ ਨੂੰ ਸੂਚਨਾ ਦੇ ਦਿੱਤੀ। ਇਸੇ ਦੌਰਾਨ ਇੱਕ ਧਿਰ ਨੇ ਦੂਜੀ ਧਿਰ ਦੇ ਵਕੀਲ ਦੀ ਗੱਡੀ ਦੀ ਵੀ ਭੰਨਤੋੜ ਕਰ ਦਿੱਤੀ। ਥਾਣਾ ਸਿਵਲ ਲਾਈਨਜ਼ ਦੇ ਮੁਖੀ ਅਮੋਲਕ ਸਿੰਘ ਫੋਰਸ ਲੈ ਕੇ ਕੋਰਟ ਕੰਪਲੈਕਸ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕੀਤਾ। ਥਾਣਾ ਸਿਵਲ ਲਾਈਨਜ਼ ਦੇ ਮੁਖੀ ਅਮੋਲਕ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।