ਪੱਤਰ ਪ੍ਰੇਰਕ
ਪਠਾਨਕੋਟ, 3 ਜੁਲਾਈ
ਐਮਈਐਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਦੀ ਠੱਗੀ ਮਾਰਨ ਦੇ ਜੁਰਮ ਵਿੱਚ ਥਾਣਾ ਮਾਮੂਨ ਕੈਂਟ ਦੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 420, 417 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪਰਲਾਦ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਧਾਰਕਲਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਥਾਣਾ ਮਾਮੂਨ ਕੈਂਟ ਦੇ ਏਐਸਆਈ ਬੋਧ ਰਾਜ ਨੇ ਦੱਸਿਆ ਕਿ ਪਰਲਾਦ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੁੰਗਲ ਵਾਸੀ ਦੀਪਕ ਕੁਮਾਰ ਨੇ ਉਸ ਨੂੰ ਐਮਈਐਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 2 ਲੱਖ ਰੁਪਏ ਲਏ ਸਨ ਅਤੇ ਬਾਅਦ ਵਿੱਚ ਨਾ ਤਾਂ ਉਸ ਨੂੰ ਭਰਤੀ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ ਜਿਸ ’ਤੇ ਪੁਲੀਸ ਦੇ ਉਚ-ਅਧਿਕਾਰੀਆਂ ਵੱਲੋਂ ਜਾਂਚ ਕਰਨ ਬਾਅਦ ਦੀਪਕ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਬੁੰਗਲ ਉਪਰ ਧੋਖਾਧੜੀ ਕਰਨ ਦੇ ਜੁਰਮ ਵਿੱਚ ਮਾਮਲਾ ਦਰਜ ਕਰ ਦਿੱਤਾ ਗਿਆ। ਏਐਸਆਈ ਬੋਧ ਰਾਜ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।