ਜਸਬੀਰ ਸਿੰਘ ਚਾਨਾ
ਫਗਵਾੜਾ, 3 ਅਪਰੈਲ
ਫਗਵਾੜਾ-ਚੰਡੀਗੜ੍ਹ ਬਾਈਪਾਸ ’ਤੇ ਅੱਜ ਸਵੇਰੇ ਜਾ ਰਹੀ ਕਾਰ ਦਾ ਟਾਇਰ ਫਟ ਜਾਣ ਕਾਰਨ ਕਾਰ ਬੇਕਾਬੂ ਹੋ ਗਈ ਤੇ ਸੜਕ ਤੋਂ ਹੇਠਾਂ ਉੱਤਰ ਗਈ ਜਿਸ ਕਾਰਨ ਕਾਰ ’ਚ ਸਵਾਰ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਦੋ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਬਲਵੰਤ ਸਿੰਘ (50) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਸਦਰ ਪੁਲੀਸ ਦੇ ਐੱਸਐੱਚਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਸਵਿਫਟ ਕਾਰ (ਨੰਬਰ ਪੀ.ਬੀ.46.ਪੀ.4242) ’ਚ ਸਵਾਰ ਉਕਤ ਵਿਅਕਤੀ ਰਾਜਾਤਾਲ ਤੋਂ ਚੰਡੀਗੜ੍ਹ ਜਾ ਰਹੇ ਸਨ। ਜਦੋਂ ਇਹ ਵਿਅਕਤੀ ਫਗਵਾੜਾ-ਚੰਡੀਗੜ੍ਹ ਬਾਈਪਾਸ (ਗੌਂਸਪੁਰ ਕੱਟ ਨਜ਼ਦੀਕ) ਪੁੱਜੇ ਤਾਂ ਅਚਾਨਕ ਤੇਜ਼ ਰਫ਼ਤਾਰ ਗੱਡੀ ਦਾ ਟਾਇਰ ਫੱਟ ਗਿਆ ਤੇ ਕਾਰ ਬੇਕਾਬੂ ਹੋ ਗਈ ਤੇ ਸੜਕ ਨਾਲ ਲੱਗਦੇ ਖੇਤ ’ਚ ਜਾ ਵੜੀ। ਇਸ ਕਾਰਨ ਬਲਵੰਤ ਸਿੰਘ ਦੀ ਮੌਤ ਹੋ ਗਈ ਜਦਕਿ ਸਤਨਾਮ ਸਿੰਘ, ਗੁਰਦੇਵ ਸਿੰਘ, ਵਿਕਰਮਜੀਤ ਸਿੰਘ ਤੇ ਮਨਜਿੰਦਰ ਸਿੰਘ ਜ਼ਖਮੀ ਹੋ ਗਈ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਡਾਕਟਰਾ ਵਲੋਂ ਇਲਾਜ ਸ਼ੁਰੂ ਕੀਤਾ ਗਿਆ ਪਰ ਸਤਨਾਮ ਤੇ ਗੁਰਦੇਵ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਰੇਸ਼ ਕੁੰਦਰਾ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ ਜਦਕਿ ਗੁਰਦੇਵ ਸਿੰਘ ਦੀ ਛਾਤੀ ’ਚ ਕਾਫ਼ੀ ਦਰਦ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਰੈਫ਼ਰ ਕੀਤਾ ਹੈ।
ਐੱਸਯੂਵੀ ਕਾਰ ਤੇ ਆਟੋ ਰਿਕਸ਼ਾ ਦੀ ਟੱਕਰ; ਇਕ ਹਲਾਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਅਪਰੈਲ
ਇੱਥੇ ਨਿਊ ਅੰਮ੍ਰਿਤਸਰ ਨੇੜੇ ਐੱਸਯੂਵੀ ਕਾਰ ਦੀ ਆਟੋ ਰਿਕਸ਼ਾ ਨਾਲ ਹੋਈ ਟੱਕਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕੁਝ ਵਿਅਕਤੀ ਜ਼ਖ਼ਮੀ ਹੋ ਗਏ ਹਨ। ਬੀਤੀ ਦੇਰ ਰਾਤ ਵਾਪਰੀ ਇਸ ਘਟਨਾ ਸਬੰਧੀ ਸੁਲਤਾਨਵਿੰਡ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਐੱਸਯੂਵੀ ਕਾਰ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਅਤੇ ਮ੍ਰਿਤਕ ਦੇਹ ਅੱਜ ਪੋਸਟ ਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕ ਵਿਅਕਤੀ ਦੀ ਸ਼ਨਾਖਤ ਰਣਬੀਰ ਸਿੰਘ ਵਜੋਂ ਹੋਈ ਹੈ। ਮਿਲੇ ਵੇਰਵਿਆਂ ਮੁਤਾਬਕ ਐੱਸਯੂਵੀ ਕਾਰ ਨੇ ਇਸ ਆਟੋ ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰੀ, ਜਿਸ ਕਾਰਨ ਇਹ ਆਟੋ ਰਿਕਸ਼ਾ ਪਲਟ ਗਿਆ। ਇਸ ਦੌਰਾਨ ਕਾਰ ਸਵਾਰ ਕਾਰ ਸਮੇਤ ਮੌਕੇ ਤੋਂ ਭੱਜ ਗਿਆ। ਲੋਕਾਂ ਮੁਤਾਬਕ ਆਟੋ ਰਿਕਸ਼ਾ ਦੇ ਪਲਟਣ ਨਾਲ ਅੰਦਰ ਬੈਠੀਆਂ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਜ਼ਖਮੀ ਰਣਬੀਰ ਸਿੰਘ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੀਸੀਆਰ ਟੀਮ ਮੌਕੇ ’ਤੇ ਪੁੱਜੀ ਸੀ। ਪੁਲੀਸ ਵਲੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਬੇਕਾਬੂ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਈ
ਪਠਾਨਕੋਟ (ਐਨਪੀ ਧਵਨ): ਪਠਾਨਕੋਟ-ਕੁੱਲੂ ਕੌਮੀ ਸ਼ਾਹਰਾਹ ’ਤੇ ਸਥਿਤ ਪਿੰਡ ਛਤਵਾਲ ਕੋਲ ਸੰਤੁਲਨ ਵਿਗੜ ਜਾਣ ਕਾਰਨ ਕਾਰ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਨਾਲ ਕਾਰ ਸਵਾਰ 4 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਪਰ ਬਿਜਲੀ ਗੁੱਲ ਹੋ ਜਾਣ ਨਾਲ ਸਾਰੀ ਰਾਤ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਇੱਥੇ ਹੀ ਬੱਸ ਨਹੀਂ ਅੱਜ ਸਵੇਰੇ ਜਦ ਬਿਜਲੀ ਵਿਭਾਗ ਦੇ ਮੁਲਾਜ਼ਮ ਖੰਭੇ ਨੂੰ ਸਿੱਧਾ ਕਰ ਰਹੇ ਸਨ ਤਾਂ ਖੰਭੇ ਨਾਲ ਲੱਗਿਆ ਟਰਾਂਸਫਾਰਮਰ ਥੱਲੇ ਜਾ ਡਿੱਗਾ ਜਿਸ ਨਾਲ ਬਿਜਲੀ ਦੀ ਸਮੱਸਿਆ ਹੋਰ ਵਧ ਗਈ। ਕਾਰ ਚਾਲਕ ਦੀਪਕ ਨੇ ਦੱਸਿਆ ਕਿ ਉਹ ਕਾਰ ਰਾਹੀਂ ਡਲਹੌਜ਼ੀ ਤੋਂ ਪਠਾਨਕੋਟ ਵੱਲ ਆ ਰਹੇ ਸਨ। ਜਦ ਉਹ ਉਕਤ ਸਥਾਨ ’ਤੇ ਪੁੱਜੇ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਖੰਭੇ ਵਿੱਚ ਟਕਰਾ ਗਈ। ਜ਼ਿਕਰਯੋਗ ਹੈ ਕਿ ਟੱਕਰ ਬਾਅਦ ਗੱਡੀ ਵਿੱਚ ਲੱਗੇ ਏਅਰ ਬੈਗ ਖੁੱਲ੍ਹ ਗਏ ਜਿਸ ਨਾਲ ਉਨ੍ਹਾਂ ਦੀ ਜਾਨ ਵਾਲ-ਵਾਲ ਬਚ ਗਈ।