ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 16 ਅਕਤੂਬਰ
ਪਿੰਡ ਡੇਹਰਾ ਸਾਹਿਬ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਦੇਰ ਰਾਤ ਵਾਪਰੇ ਇਸ ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲੀਸ ਵੱਲੋ ਲਾਸ਼ਾਂ ਅਤੇ ਵਾਹਨ ਕਬਜ਼ੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਆਰੰਭ ਦਿੱਤੀ ਗਈ ਹੈ। ਤਰਨ ਤਾਰਨ ਦੇ ਪਿੰਡ ਡੇਹਰਾ ਸਾਹਿਬ ਨਜ਼ਦੀਕ ਬੀਤੀ ਰਾਤ ਸੜਕ ’ਤੇ ਖੜ੍ਹੇ ਖਰਾਬ ਟਰੱਕ ਅਤੇ ਟਰੈਕਟਰ ਟਰਾਲੀ ਵਿੱਚ ਇੱਕ ਤੇਜ਼ ਰਫਤਾਰ ਟਰਾਲਾ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਪਿੰਡ ਖ਼ਾਨ ਛਾਪੜੀ ਵਾਸੀ ਸੁਖਦੇਵ ਸਿੰਘ ਅਤੇ ਜ਼ਿਲ੍ਹਾ ਮੋਗਾ ਨਿਵਾਸੀ ਮੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਵੱਲੋਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਇਹ ਹਾਦਸਾ ਸੜਕ ’ਤੇ ਖੜ੍ਹੇ ਖਰਾਬ ਟਰੱਕ ਵਿੱਚ ਟਰਾਲਾ ਵੱਜਣ ਕਾਰਨ ਵਾਪਰਿਆ ਹੈ। ਜਿਸ ਦੇ ਦੂਜੇ ਪਾਸੇ ਟਰੈਕਟਰ-ਟਰਾਲੀ ਵੀ ਇਸ ਤੇਜ਼ ਰਫਤਾਰ ਟਰਾਲੇ ਦੀ ਲਪੇਟ ਵਿੱਚ ਆ ਗਏ। ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ। ਉਹ ਜੋ ਵੀ ਬਿਆਨ ਦੇਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ ’ਚ ਵਿਅਕਤੀ ਦੀ ਮੌਤ; ਔਰਤ ਗੰਭੀਰ ਜ਼ਖ਼ਮੀ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ) ਛੇਹਰਟਾ ਦੇ ਆਜ਼ਾਦ ਨਗਰ ਵਿਚ ਕਾਰ ਤੇ ਸਕੂਟਰ ਦੀ ਟੱਕਰ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਇਕ ਔਰਤ ਗੰਭੀਰ ਜ਼ਖ਼ਮੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਨਾਖਤ ਬਲਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਹੋਈ ਔਰਤ ਦੀ ਸ਼ਨਾਖਤ ਰਾਜਬੀਰ ਕੌਰ ਵਜੋਂ ਦੱਸੀ ਗਈ ਹੈ। ਉਹ ਦੋਵੇ ਪਤੀ-ਪਤਨੀ ਹਨ ਤੇ ਆਪਣੇ ਰਿਸ਼ਤੇਦਾਰ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਇੱਥੇ ਆਏ ਸਨ। ਉਹ ਸਮਾਗਮ ਵਾਲੀ ਥਾਂ ’ਤੇ ਪੁੱਜਣ ਵਾਲੇ ਸਨ ਕਿ ਛੇਹਰਟਾ ਰੇਲਵੇ ਸਟੇਸ਼ਨ ਵੱਲੋਂ ਆਈ ਇਕ ਤੇਜ਼ ਗਤੀ ਕਾਰ ਨੇ ਉਨ੍ਹਾਂ ਦੇ ਦੋ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਬਲਵਿੰਦਰ ਸਿੰਘ ਦੀ ਕਾਰ ਦੇ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਰਾਜਬੀਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਗਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਕਾਰ ਉੱਥੇ ਹੀ ਛੱਡ ਗਿਆ। ਥਾਣਾ ਛੇਹਰਟਾ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਕਾਰ ਚਾਲਕ ਦੀ ਸ਼ਨਾਖਤ ਕਰ ਲਈ ਹੈ। ਇਹ ਇਸੇ ਕਲੋਨੀ ਦਾ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲਾਸ਼ ਦਾ ਪੋਸਟਮਾਰਟਮ ਮਗਰੋਂ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਲਾਕ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਪਿੰਡ ਖਰੋਟ ਜ਼ਿਲ੍ਹਾ ਕਠੂਆ ਵਜੋਂ ਹੋਈ ਹੈ। ਪੁਲੀਸ ਨੂੰ ਵਿੱਕੀ ਸ਼ਰਮਾ ਨੇ ਕਿਹਾ ਕਿ ਬੀਤੀ ਸ਼ਾਮ ਉਸ ਦੀ ਭੂਆ ਦਾ ਲੜਕਾ ਸੁਨੀਲ ਕੁਮਾਰ ਵਾਸੀ ਪਿੰਡ ਖਰੋਟ ਜ਼ਿਲ੍ਹਾ ਕਠੂਆ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਰਾਹ ਵਿੱਚ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤਾ। ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।