ਗੁਰਬਖਸ਼ਪੁਰੀ
ਤਰਨ ਤਾਰਨ, 12 ਅਕਤੂਬਰ
ਵਲਟੋਹਾ ਪੁਲੀਸ ਨੇ ਬੀਤੇ ਦਿਨ ਸਰਹੱਦੀ ਖੇਤਰ ਤੋਂ ਚਾਰ-ਮੈਂਬਰੀ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ| ਇਸ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਕੀਮਤ ਪੰਜ ਕਰੋੜ ਰੁਪਏ ਹੈ|
ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਅੱਜ ਇਥੇ ਦੱਸਿਆ ਕਿ ਗਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਵਿੱਚ ਨਿਰਮਲ ਸਿੰਘ ਨਿੰਮਾ ਵਾਸੀ ਵਾਂ ਤਾਰਾ ਸਿੰਘ ਅਤੇ ਗੁਰਸੇਵਕ ਸਿੰਘ ਸੇਵਕ ਵਾਸੀ ਲਾਖਣਾ ਸ਼ਾਮਲ ਹਨ| ਮੁਲਜ਼ਮ ਮੋਟਰਸਾਈਕਲ ’ਤੇ ਇਲਾਕੇ ਵਿੱਚ ਨਸ਼ੀਲਾ ਪਦਾਰਥ ਵੇਚਣ ਲਈ ਲਿਜਾ ਰਹੇ ਸਨ ਕਿ ਪੁਲੀਸ ਦੇ ਕਾਬੂ ਆ ਗਏ| ਐੱਸਐੱਸਪੀ ਨੇ ਦੱਸਿਆ ਕਿ ਗਰੋਹ ਵਿੱਚ ਸ਼ਾਮਲ ਇਕ ਮੈਂਬਰ ਹਰਜਿੰਦਰ ਸਿੰਘ ਹਥੌੜੀ ਵਾਸੀ ਲਾਖਣਾ ਸਬ ਜੇਲ੍ਹ ਪੱਟੀ ਅਤੇ ਗੁਰਪਵਿੱਤਰ ਸਿੰਘ ਵਾਸੀ ਵਾਂ ਤਾਰਾ ਸਿੰਘ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਪਹਿਲਾਂ ਤੋਂ ਹੀ ਬੰਦ ਹਨ| ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਥਾਣਾ ਵਲਟੋਹਾ ਦੇ ਐੱਸਐੱਚਓ ਜਗਦੀਪ ਸਿੰਘ ਦੀ ਅਗਵਾਈ ਵਿੱਚ ਨਾਕਾ ਲਗਾਇਆ ਹੋਇਆ ਸੀ| ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ, ਅਸਲਾ ਅਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ|
ਪੁਲੀਸ ਅਨੁਸਾਰ ਮੁਲਜ਼ਮ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਮਦਦ ਨਾਲ ਨਸ਼ੀਲੇ ਪਦਾਰਥ, ਅਸਲਾ ਆਦਿ ਮੰਗਵਾਉਂਦੇ ਸਨ| ਇਹ ਖੇਪ ਵੀ 12 ਸਤੰਬਰ ਨੂੰ ਡਰੋਨ ਨਾਲ ਲਾਖਣਾ ਪਿੰਡ ਮੰਗਵਾਈ ਗਈ ਸੀ|
ਜ਼ਿਕਰਯੋਗ ਹੈ ਕਿ ਪੁਲੀਸ ਨੇ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਸ ਕਾਰਨ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ।