ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 6 ਅਕਤੂਬਰ
ਤਹਿਸੀਲ ਖਡੂਰ ਸਾਹਿਬ ਵਿਚ ਕਿਸਾਨ ਕੋਲੋਂ ਉਸ ਦਾ ਕੰਮ ਕਰਨ ਬਦਲੇ ਤਹਿਸੀਲ ਦੇ ਸੀਨੀਅਰ ਸਹਾਇਕ ਅਤੇ ਜੂਨੀਅਰ ਸਹਾਇਕ ਵੱਲੋਂ 50,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਐੱਸਡੀਐੱਮ ਖਡੂਰ ਸਾਹਿਬ ਦੇ ਦਫ਼ਤਰ ਵਿਚ ਤਾਇਨਾਤ ਸੀਨੀਅਰ ਸਹਾਇਕ ਤੇ ਜੂਨੀਅਰ ਸਹਾਇਕ ਵੱਲੋਂ ਦਇਆ ਸਿੰਘ ਵਾਸੀ ਸਰਹਾਲੀ ਦੀ ਐਕੁਆਇਰ ਹੋਈ ਜ਼ਮੀਨ ਸਬੰਧੀ ਆਡਰ ਪ੍ਰਾਪਤ ਕਰਨ (ਚੈੱਕ ਬਣਾਉਣ) ਲਈ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਦਇਆ ਸਿੰਘ ਉਕਤ ਮਾਮਲੇ ਵਿਚ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਦਿਆਂ ਦਇਆ ਸਿੰਘ ਵੱਲੋਂ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਪੈਸੇ ਦੇਣ ਲਈ ਸਵੇਰ ਦਾ ਸਮਾਂ ਦਿੱਤਾ ਗਿਆ। ਇਸ ਤੋਂ ਬਾਅਦ ਦਇਆ ਸਿੰਘ ਵੱਲੋਂ ਕਲਰਕ ਕੁਲਵਿੰਦਰ ਕੌਰ ਦੇ ਘਰ ਰਿਸ਼ਵਤ ਦੇ ਪੈਸਿਆਂ ਦੀ ਦੂਜੀ ਕਿਸ਼ਤ ਦੇ ਪੈਸੇ ਦਿੱਤੇ ਗਏ, ਜਿੱਥੇ ਡੀਐੱਸਪੀ ਵਿਜੀਲੈਂਸ ਹਰਜਿੰਦਰ ਸਿੰਘ ਵੱਲੋਂ ਮੌਕੇ ’ਤੇ ਰੇਡ ਕਰ ਕੇ ਦੋਵਾਂ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਪੈਸਿਆਂ ਸਣੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ। ਡੀਐੱਸਪੀ ਵਿਜੀਲੈਂਸ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਦਇਆ ਸਿੰਘ ਕੋਲੋਂ ਜ਼ਮੀਨ ਸਬੰਧੀ ਆਡਰ ਪ੍ਰਾਪਤ ਕਰਨ ਲਈ ਮੁਲਾਜ਼ਮਾਂ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਦੀ ਦੂਜੀ ਕਿਸ਼ਤ 50 ਹਜ਼ਾਰ ਰੁਪਏ ਦੇਣ ਮੌਕੇ ਮੁਲਾਜ਼ਮਾਂ ਕੋਲੋਂ ਰਿਸ਼ਵਤ ਦੇ ਪੈਸੇ ਬਰਾਮਦ ਹੋ ਗਏ ਹਨ ਅਤੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਐੱਸਡੀਐੱਮ ਖਡੂਰ ਸਾਹਿਬ ਰੋਹਿਤ ਗੁਪਤਾ ਨੇ ਮਾਮਲੇ ’ਤੇ ਪਰਦਾ ਪਾਉਂਦੇ ਹੋਏ ਅਣਜਾਣਤਾ ਪ੍ਰਗਟਾਈ ਕਿ ਵਿਜੀਲੈਂਸ ਵੱਲੋਂ ਕੀਤੀ ਕਾਰਵਾਈ ਬਾਰੇ ਊਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।