ਐਨਪੀ.ਧਵਨ
ਪਠਾਨਕੋਟ,1 ਨਵੰਬਰ
ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿੱਚ ਨੌਕਰੀਆਂ ਨਾ ਮਿਲਣ ਦੇ ਰੋਸ ਵੱਜੋਂ ਆਊਸਟੀ ਪਰਿਵਾਰਾਂ ਦੇ ਦੋ ਬਜ਼ੁਰਗ ਸਰਵਣ ਸਿੰਘ (82) ਤੇ ਕੁਲਵਿੰਦਰ ਸਿੰਘ (84) ਮਾਧੋਪੁਰ ਵਿਖੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਕੋਲ ਪੈਂਦੇ ਲੱਗਪੱਗ 150 ਫੁੱਟ ਉਚੇ ਟਾਵਰ ਉੱਤੇ ਚੜ੍ਹ ਗਏ। ਸ਼ਾਮ ਤੱਕ ਇਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਾਰਨ ਦਾ ਪ੍ਰਸ਼ਾਸਨ ਨੇ ਕੋਈ ਵੀ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਉਨ੍ਹਾਂ ਦੀਆਂ ਮੰਗਾਂ ਮੰਨੀਆਂ। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਬੈਰਾਜ ਆਊਸਟੀ ਸੰਘਰਸ਼ ਕਮੇਟੀ ਨਾਲ ਮਾਮਲੇ ਦਾ ਹੱਲ ਕਰਨ ਲਈ ਗੱਲਬਾਤ ਦਾ ਚੈਨਲ ਖੋਲ੍ਹ ਰਹੇ ਹਨ। ਐੱਸਐੱਸਪੀ ਸੁਰੇਂਦਰ ਲਾਂਬਾ ਦਾ ਤਾਂ ਕਹਿਣਾ ਸੀ ਕਿ ਹਮੇਸ਼ਾਂ ਮਸਲਿਆਂ ਦਾ ਨਬਿੇੜਾ ਗੱਲਬਾਤ ਦੀ ਮੇਜ ’ਤੇ ਹੀ ਹੁੰਦਾ ਹੈ, ਕਦੇ ਟਾਵਰਾਂ ਉੱਤੇ ਚੜ੍ਹ ਕੇ ਨਹੀਂ।ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਕੰਮ ਸਾਲ 2013-14 ਵਿੱਚ ਸ਼ੁਰੂ ਹੋਇਆ ਸੀ। ਇਸ ਪ੍ਰਾਜੈਕਟ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਸਨ ਪਰ ਉਨ੍ਹਾਂ ਨੂੰ ਆਊਸਟੀ ਕੋਟੇ ਵਿੱਚੋਂ ਨੌਕਰੀਆਂ ਬਹੁਤ ਘੱਟ ਮਿਲੀਆਂ ਹਨ ਜਦ ਕਿ ਬਹੁਤ ਸਾਰੇ ਲੋਕ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਾਹਰੋਂ ਆ ਕੇ ਇਸ ਇਲਾਕੇ ਵਿੱਚ ਜ਼ਮੀਨਾਂ ਖ਼ਰੀਦ ਕੇ ਆਪਣੇ ਰੈਂਜੀਡੈਂਸ ਸਬੂਤ ਬਣਵਾ ਕੇ ਨੌਕਰੀ ਪ੍ਰਾਪਤ ਕਰ ਗਏ। ਜਦ ਕਿ ਸਰਕਾਰ ਦੀ ਪਾਲਿਸੀ ਮੁਤਾਬਕ ਕੇਵਲ 17 ਪਿੰਡਾਂ ਦੇ ਵਿਅਕਤੀਆਂ ਨੂੰ ਹੀ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਤੇ ਇੰਨ੍ਹਾਂ ਪਿੰਡਾਂ ਦੀ ਹੀ ਜ਼ਮੀਨ ਸ਼ਾਹਪੁਰਕੰਡੀ ਡੈਮ ਲਈ ਐਕੁਆਇਰ ਕੀਤੀ ਗਈ ਸੀ। ਇਸ ਤਰ੍ਹਾਂ ਨਾਲ 60 ਪ੍ਰਤੀਸ਼ਤ ਆਊਸਟੀ ਨੌਕਰੀਆਂ ਪ੍ਰਾਪਤ ਕਰਨ ਲਈ ਦਫਤਰਾਂ ਦੇ ਪਿਛਲੇ ਕਈ ਸਾਲਾਂ ਤੋਂ ਚੱਕਰ ਕੱਟ ਰਹੇ ਹਨ।
ਦਿਆਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਇਸ ਸਾਲ 31 ਮਾਰਚ ਨੂੰ ਵੀ ਕੁਲਵਿੰਦਰ ਅਤੇ ਸ਼ਰਮ ਸਿੰਘ ਦੋ ਬਜ਼ੁਰਗ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦੇ ਦਫਤਰ ਕੋਲ ਬੀਐਸਐੱਨਐੱਲ ਟਾਵਰ ’ਤੇ ਚੜ੍ਹੇ ਸਨ। ਉਸ ਸਮੇਂ 6 ਦਿਨ ਪ੍ਰਸ਼ਾਸਨ ਅਤੇ ਉਨ੍ਹਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਚੱਲਦਾ ਰਿਹਾ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨਵਾਉਣ ਦਾ ਭਰੋਸਾ ਦਿੱਤਾ ਸੀ ਤੇ ਇਸ ਭਰੋਸੇ ਬਾਅਦ ਹੀ ਉਹ ਦੋਵੇਂ ਟਾਵਰ ਤੋਂ ਉਤਰੇ ਸਨ ਪਰ ਪ੍ਰਸ਼ਾਸਨ ਨੇ ਅਜੇ ਤੱਕ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਅਤੇ ਉਨ੍ਹਾਂ ਨੂੰ ਮਹਿਜ਼ ਮੂਰਖ ਹੀ ਬਣਾਇਆ ਗਿਆ। ਪ੍ਰਧਾਨ ਦਿਆਲ ਸਿੰਘ ਨੇ ਮੰਗ ਕੀਤੀ ਕਿ ਤਤਕਾਲੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਰਿਪੋਰਟ ਨੂੰ ਲਾਗੂ ਕਰਕੇ ਬਾਕੀ ਰਹਿ ਗਏ ਆਊਸਟੀਆਂ ਨੂੰ ਨੌਕਰੀ ਦਿੱਤੀ ਜਾਵੇ।