ਪਠਾਨਕੋਟ (ਪੱਤਰ ਪ੍ਰੇਰਕ): ਖੇਤਾਂ ਵਿੱਚ ਫਸਲ ਕੱਟਣ ਤੋਂ ਬਾਅਦ ਨਾੜ ਨੂੰ ਸਾੜੇ ਜਾਣ ਸਮੇਂ ਇਲਾਕੇ ’ਚ ਧੂੰਆਂ ਇੰਨਾ ਫੈਲ ਗਿਆ ਕਿ ਸੰਘਣੇ ਧੂੰਏ ਕਾਰਨ ਦੋ ਕਾਰਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਕਾਰਨ ਕਾਰਾਂ ਵਿੱਚ ਸਵਾਰ 4 ਲੋਕ ਜ਼ਖਮੀ ਹੋ ਗਏ। ਇਹ ਘਟਨਾ ਨਜ਼ਦੀਕੀ ਪਿੰਡ ਨਾਜੋਚੱਕ ਦੇ ਕੋਲ ਖੇਤਾਂ ਵਿੱਚ ਨਾੜ ਨੂੰ ਲੱਗੀ ਅੱਗ ਕੋਲ ਵਾਪਰੀ। ਇਸ ਹਾਦਸੇ ਵਿੱਚ ਦੋਹਾਂ ਕਾਰਾਂ ਦੇ ਚਾਲਕ ਵਾਲ-ਵਾਲ ਬਚ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਘਰੋਟਾ ਪੁਲੀਸ ਚੌਕੀ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਪਠਾਨਕੋਟ ਤੋਂ ਬੈਂਕ ਮੁਲਾਜ਼ਮ ਅਭਿਨਵ ਬੈਂਕ ਵਿੱਚ ਡਿਊਟੀ ਦੇਣ ਲਈ ਘਰੋਟਾ ਆ ਰਿਹਾ ਸੀ ਜਦ ਕਿ ਦੂਸਰੇ ਪਾਸੇ ਆਲਟੋ ਕਾਰ ਵਿੱਚ ਪ੍ਰਵੇਸ਼, ਉਸ ਦੀ ਪਤਨੀ ਰੇਨੂ ਅਤੇ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਪਿੰਡ ਤੋਂ ਪਠਾਨਕੋਟ ਵੱਲ ਨੂੰ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਨਾਜੋਚੱਕ ਕੋਲ ਪੁੱਜੇ ਤਾਂ ਸੜਕ ’ਤੇ ਅਚਾਨਕ ਧੂੰਆ ਛਾ ਗਿਆ ਅਤੇ ਦੋਹੇਂ ਕਾਰਾਂ ਆਪਸ ਵਿੱਚ ਟਕਰਾ ਗਈਆਂ।