ਪੱਤਰ ਪ੍ਰੇਰਕ
ਤਰਨ ਤਾਰਨ, 15 ਅਪਰੈਲ
ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਕੱਕਾ ਕੰਡਿਆਲਾ ਪਿੰਡ ਵਿੱਚ ਸਥਿਤ ਬੀਐਸ ਢਿੱਲੋਂ ਪਿੱਗ ਗੁਦਾਮਾਂ ਦੇ ਅਨਾਜ ਦੀ ਰਾਖੀ ਕਰਦੇ ਸਕਿਉਰਿਟੀ ਏਜੰਸੀ ਮੁਲਾਜ਼ਮਾਂ ਅਤੇ ਹੋਰ ਸਟਾਫ਼ ਵੱਲੋਂ ਹੀ ਚੋਰੀ ਲਈ ਗਈ| ਇਸ ਸਬੰਧੀ ਸਥਾਨਕ ਥਾਣਾ ਸਿਟੀ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਜਣਿਆਂ ਨੂੰ ਕਾਬੂ ਕਰਕੇ ਅਨਾਜ ਦੀ ਚੋਰੀ ਕਰਨ ਲਈ ਵਰਤਿਆ ਵਾਹਨ ਮਹਿੰਦਰਾ ਬਲੈਰੋ ਅਤੇ 35 ਤੋੜੇ ਕਣਕ ਬਰਾਮਦ ਕਰ ਲਈ ਹੈ| ਮਾਮਲੇ ਦੀ ਜਾਂਚ ਕਰਦੇ ਸਥਾਨਕ ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਇਨ੍ਹਾਂ ਗੁਦਾਮਾਂ ਤੋਂ ਸਟਾਕ ਦੀ ਚੋਰੀ ਕੀਤੀ ਗਈ ਸੀ ਜਿਸ ਬਾਰੇ ਏਜੰਸੀ ਦੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਪੁਲੀਸ ਨੂੰ ਬੁੱਧਵਾਰ ਨੂੰ ਸੂਚਨਾ ਦਿੱਤੀ ਸੀ| ਅਧਿਕਾਰੀ ਨੇ ਦੱਸਿਆ ਕਿ ਸਟਾਕ ਚੋਰੀ ਕਰਨ ਵਾਲਿਆਂ ਵਿੱਚ ਮੇਜਰ ਸਿੰਘ ਵਾਸੀ ਰਟੌਲ, ਗੁਰਮੀਤ ਸਿੰਘ ਵਾਸੀ ਫਤਿਹਚੱਕ (ਤਰਨ ਤਾਰਨ), ਨਿਰਵੈਲ ਸਿੰਘ ਰਿੰਕੂ (ਵਾਸੀ ਰਟੌਲ), ਤੇਜਿੰਦਰ ਸਿੰਘ (ਵਾਸੀ ਤਰਨ ਤਾਰਨ) ਤੇ ਹਰਿੰਦਰ ਸਿੰਘ ਵਾਸੀ ਸੰਘਾ ਦਾ ਨਾਂ ਸ਼ਾਮਲ ਹੈ| ਮੁਲਜ਼ਮ ਗੁਦਾਮਾਂ ਦੀ ਸਕਿਉਰਿਟੀ ਕੰਪਨੀ ਓਰੀਗੋ ਦੇ ਮੁਲਜ਼ਮ ਹਨ| ਗੁਦਾਮਾਂ ਦੀਆਂ ਚਾਬੀਆਂ ਹਰਿੰਦਰ ਸਿੰਘ ਸੰਘਾ ਕੋਲ ਹੀ ਹੁੰਦੀਆਂ ਸਨ ਜਿਸ ਨੇ ਹੋਰਨਾ ਨਾਲ ਮਿਲੀ ਭੁਗਤ ਕਰਕੇ ਸਟਾਕ ਚੋਰੀ ਕਰਵਾਇਆ ਹੈ| ਪੁਲੀਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਤੇ ਗੁਰਮੀਤ ਸਿੰਘ ਨੂੰ ਕਾਬੂ ਕਰਕੇ 35 ਤੋੜੇ ਕਣਕ ਬਰਾਮਦ ਕੀਤੀ ਗਈ ਹੈ| ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲੀਸ ਛਾਪੇ ਮਾਰ ਰਹੀ ਹੈ|