ਪੱਤਰ ਪ੍ਰੇਰਕ
ਪਠਾਨਕੋਟ, 13 ਜੁਲਾਈ
ਸ਼ਾਹਪੁਰਕੰਡੀ ਪੁਲੀਸ ਨੇ ਨੇੜਲੇ ਪਿੰਡ ਪੰਗੋਲੀ ਕੋਲ ਇੱਕ ਕੋਠੀ ਵਿੱਚ ਬੀਤੀ ਰਾਤ ਛਾਪਾ ਮਾਰ ਕੇ ਜਿਸਮਫਰੋਸ਼ੀ ਦਾ ਧੰਦਾ ਕਰਨ ਦੇ ਜੁਰਮ ਵਿੱਚ ਇੱਕ ਔਰਤ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਇਤਰਾਜ਼ਯੋਗ ਹਾਲਤ ਵਿੱਚ ਇੱਕ ਲੜਕੇ ਅਤੇ ਲੜਕੀ ਨੂੰ ਵੀ ਫੜਿਆ। ਪੜਤਾਲ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਸ਼ਾਹਪੁਰਕੰਡੀ ਪੁਲੀਸ ਸਟੇਸ਼ਨ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਾਧੋਪੁਰ ਦੀ ਰਹਿਣ ਵਾਲੀ ਔਰਤ ਨੇ ਪੰਗੋਲੀ ਚੌਕ ਕੋਲ ਇੱਕ ਕੋਠੀ ਕਿਰਾਏ ’ਤੇ ਲਈ ਹੈ। ਉਸ ਨਾਲ ਕਾਹਨਪੁਰ ਦਾ ਵਿਜੇ ਕੁਮਾਰ ਜਿਸਮਫਰੋਸ਼ੀ ਦੇ ਧੰਦੇ ਵਿੱਚ ਔਰਤ ਦੀ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਮੁਲਾਜ਼ਮਾਂ ਸਣੇ ਪੁਲੀਸ ਨੇ ਰਾਤ ਨੂੰ ਛਾਪਾ ਮਾਰਿਆ। ਇਸ ਦੌਰਾਨ ਕੋਠੀ ਵਿੱਚੋਂ ਇੱਕ ਲੜਕਾ ਅਤੇ ਇੱਕ ਲੜਕੀ ਇਤਰਾਜ਼ਯੋਗ ਹਾਲਤ ਵਿੱਚ ਫੜੇ ਗਏ। ਦੂਜੇ ਕਮਰੇ ਵਿੱਚ ਇਸ ਧੰਦੇ ਦਾ ਸੰਚਾਲਨ ਕਰਨ ਵਾਲੀ ਔਰਤ ਆਪਣੇ ਸਾਥੀ ਵਿਜੇ ਕੁਮਾਰ ਅਤੇ ਦੋ ਹੋਰ ਔਰਤਾਂ ਬੈਠੀਆਂ ਹੋਈਆਂ ਸਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੜਤਾਲ ਦੌਰਾਨ ਦੋ ਲੜਕੀਆਂ ਅਤੇ ਇੱਕ ਔਰਤ ਨੇ ਦੱਸਿਆ ਕਿ ਮੁਲਜ਼ਮ ਔਰਤ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਤੇ ਉਨ੍ਹਾਂ ਦੀ ਮਜਬੂਰੀ ਦਾ ਲਾਭ ਲੈ ਕੇ ਗ਼ਲਤ ਕੰਮ ਕਰਵਾ ਰਹੀ ਹੈ। ਪੁਲੀਸ ਨੇ ਦੋ ਲੜਕੀਆਂ ਅਤੇ ਇੱਕ ਔਰਤ ਨੂੰ ਪੜਤਾਲ ਮਗਰੋਂ ਛੱਡ ਦਿੱਤਾ। ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।