ਪੱਤਰ ਪੇ੍ਰਕ
ਮਾਛੀਵਾੜਾ, 6 ਅਕਤੂਬਰ
ਸਥਾਨਕ ਪੁਲੀਸ ਵਲੋਂ ਸਤਲੁਜ ਦਰਿਆ ਵਿਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕਸਦਿਆਂ ਜੇ.ਸੀ.ਬੀ. ਮਸ਼ੀਨ, 1 ਟ੍ਰੈਕਟਰ ਤੇ 2 ਟਰਾਲੀਆਂ ਨੂੰ ਕਾਬੂ ਕਰ ਲਿਆ ਅਤੇ ਇਸ ਮਾਮਲੇ ਵਿਚ 2 ਵਿਅਕਤੀ ਰੇਸ਼ਮ ਸਿੰਘ ਮੰਡ ਝੜੌਦੀ ਅਤੇ ਕਰਮਜੀਤ ਸਿੰਘ ਵਾਸੀ ਘੁਮੈਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਮੁਖੀ ਸੰਤੋਖ ਸਿੰਘ ਨੇ ਦੱਸਿਆ ਕਿ ਮਾਈਨਿੰਗ ਅਧਿਕਾਰੀ ਮਨਪ੍ਰੀਤ ਸਿੰਘ ਵਲੋਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਈਸਾਪੁਰ ਨੇੜੇ ਸਤਲੁਜ ਦਰਿਆ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਜੇਸੀਬੀ ਮਸ਼ੀਨ ਲਗਾ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ’ਤੇ ਪੁਲੀਸ ਨੇ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਕੇ ਦਰਿਆ ਵਿਚ ਛਾਪੇ ਮਾਰੇ ਜਿੱਥੋਂ ਕਿ ਇੱਕ ਜੇਸੀਬੀ ਮਸ਼ੀਨ, ਇੱਕ ਟ੍ਰੈਕਟਰ ਅਤੇ 2 ਟਰਾਲੀਆਂ ਕਾਬੂ ਕਰ ਲਈਆਂ। ਸਤਲੁਜ ਦਰਿਆ ਵਿਚ ਪੁਲੀਸ ਦੀ ਛਾਪੇਮਾਰੀ ਤੋਂ ਬਾਅਦ ਭਗਦੜ ਮਚ ਗਈ ਅਤੇ ਕਈ ਰੇਤਾ ਭਰਨ ਆਏ ਟ੍ਰੈਕਟਰ-ਟਰਾਲੀ ਚਾਲਕ ਆਪਣੇ ਖਾਲੀ ਵਾਹਨ ਵੀ ਭਜਾ ਕੇ ਲੈ ਗਏ। ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਗਿਆ ਹੈ।