ਨਿੱਜੀ ਪੱਤਰ ਪ੍ਰੇਰਕ
ਬਟਾਲਾ, 14 ਫ਼ਰਵਰੀ
ਇਥੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡ ਮੂਲਿਆਂਵਾਲ ਅਤੇ ਦਾਬਾਂਵਾਲ ’ਚ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ,‘‘ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਸਹਾਰੇ ਦਲਿਤ ਸਮਾਜ ਦੀਆਂ ਵੋਟਾਂ ਬਟੋਰਨ ਤੋਂ ਬਾਅਦ ਇਸ ਵਾਰੀ ਵੀ ਸਾਲ 1996 ਦੀ ਤਰ੍ਹਾਂ ਭਾਜਪਾ ਨਾਲ ਸਾਂਝ ਪਾ ਲੈਣੀ ਹੈ, ਸੋ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।’’ ਸ੍ਰੀ ਬਾਜਵਾ ਨੇ ਕਿਹਾ ਕਿ ਬਸਪਾ ਦੇ ਉਸ ਵੇਲੇ ਦੇ ਪ੍ਰਧਾਨ ਬਾਬੂ ਕਾਂਸ਼ੀ ਰਾਮ ਨੇ ਅਕਾਲੀ ਦਲ ਦੇ ਇਸ ਕਦਮ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਹਏ ਫ਼ਤਵੇ ਅਤੇ ਦਲਿਤ ਸਮਾਜ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਸੀ ਕਿ ਬਹੁਜਨ ਸਮਾਜ ਕਦੇ ਵੀ ਅਕਾਲੀ ਦਲ ਉੱਤੇ ਭਰੋਸਾ ਨਾ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨ ਬਣਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾ ਕਾਰਜ ਐੱਸਵਾਈਐੱਲ ਨਹਿਰ ਬਣੇਗੀ।
ਅਕਾਲੀ ਵੇਲੇ ਹੋਈਆਂ ਬੇਅਦਬੀਆਂ ਨਹੀਂ ਭੁੱਲੇ ਲੋਕ:ਬਾਜਵਾ
ਫ਼ਤਹਿਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫਤਿਹਗੜ੍ਹ ਚੂੜੀਆਂ ਹਲਕੇ ਤੋਂ ਲਗਾਤਾਰ ਦੋ ਵਾਰੀ ਜਿੱਤ ਚੁੱਕੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਸ ਚੋਣ ਵਿੱਚ ਬੜੀ ਸ਼ਾਨ ਨਾਲ ਤੀਸਰੀ ਵਾਰ ਵੀ ਜਿੱਤ ਕੇ ਹਲਕੇ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣਗੇ। ਸ੍ਰੀ ਬਾਜਵਾ ਨੇ ਪਿੰਡ ਨੰਦਿਆਂਵਾਲੀ, ਖੋਦੇ ਬਾਂਗਰ, ਮੁਰੀਦਕੇ, ਤੇਜਾ ਖੁਰਦ, ਕੋਟ ਖਜ਼ਾਨਾ ਅਤੇ ਚੰਦੂ ਸੂਜਾ ਵਿਖੇ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ,‘‘ਲੋਕਾਂ ਨੂੰ ਅਜੇ ਤੱਕ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਭੁੱਲੀ ਹੈ, ਨਾ ਅਕਾਲੀ ਦਲ ਵੱਲੋਂ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਕੀਤਾ ਪ੍ਰਚਾਰ ਭੁੱਲਿਆ ਹੈ ਅਤੇ ਨਾ ਹੀ ਕਥਿਤ ਤੌਰ ’ਤੇ ਸੁਖਬੀਰ-ਮਜੀਠੀਆ ਦੀ ਜੋੜੀ ਵੱਲੋਂ ਪੰਜਾਬ ਵਿੱਚ ਲਿਆਂਦੇ ਗਏ ਚਿੱਟੇ ਵਰਗੇ ਘਾਤਕ ਨਸ਼ੇ ਕਾਰਨ ਹਜ਼ਾਰਾਂ ਨੌਜਵਾਨਾਂ ਦੀਆਂ ਮੌਤਾਂ ਭੁੱਲੀਆਂ ਹਨ।’’ ਸ੍ਰੀ ਬਾਜਵਾ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇ ਉਨ੍ਹਾਂ ਨੂੰ ਮੁੜ ਸੇਵਾ ਦਾ ਮੌਕੇ ਮਿਲਿਆ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਪਿੰਡਾਂ ਅਤੇ ਸ਼ਹਿਰ ਫ਼ਤਹਿਗੜ੍ਹ ਚੂੜੀਆਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਣਗੇ।