ਪੱਤਰ ਪ੍ਰੇਰਕ
ਫਗਵਾੜਾ, 14 ਅਗਸਤ
ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਹਰ ਘਰ ਤਿਰੰਗਾ ਮੁਹਿੰਮ ਤਹਿਤ ਫਗਵਾੜਾ ਵੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਅਨੀਤਾ ਸੋਮ ਪ੍ਰਕਾਸ਼ ਤੇ ਸਾਹਿਲ ਕੈਂਥ ਦੀ ਅਗਵਾਈ ’ਚ ਪੈਦਲ ਯਾਤਰਾ ਕੱਢੀ ਗਈ। ਜੋ ਕਿ ਹਰਗੋਬਿੰਦ ਨਗਰ ਵਿੱਚ ਜਨਤਾ ਦੀ ਰਸੋਈ ਤੋਂ ਸ਼ੁਰੂ ਹੋ ਕੇ ਫਗਵਾੜਾ ਦੇ ਵੱਖ ਵੱਖ ਬਾਜ਼ਾਰਾਂ ’ਚੋਂ ਹੁੰਦੀ ਹੋਈ ਸਮਾਪਤ ਹੋਈ। ਇਸ ਦੌਰਾਨ ਸੋਮ ਪ੍ਰਕਾਸ਼ ਨੇ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਹਰ ਦੇਸ਼ ਵਾਸੀ ਲਈ ਸਵੈ ਮਾਣ ਦਾ ਤਿਉਹਾਰ ਹੈ। ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਦੇ ਆਗੂਆਂ ਸੰਸਦ ਮੈਂਬਰ ਸੰਤੋਖ ਚੌਧਰੀ, ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਤੇ ਆਈ. ਐਮ. ਏ. ਦੇ ਨੈਸ਼ਨਲ ਵਾਈਸ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ’ਚ ਨਕੋਦਰ ਦੇ ਪੂਰਾ ਸ਼ਹਿਰ ਨੂੰ ਤਿਰੰਗੇ ਦੇ ਰੰਗਾਂ ’ਚ ਰੰਗ ਦਿੱਤਾ ਗਿਆ। ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼ੁਸ਼ੀਲ ਕੁਮਾਰ ਦੀ ਅਗਵਾਈ ਹੇਠ ਘਰ-ਘਰ ਤਿਰੰਗਾ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਰੰਗੇ ਵੰਡੇ ਗਏ।
ਧਾਰੀਵਾਲ (ਪੱਤਰ ਪ੍ਰੇਰਕ): ਆਟੋ ਰਿਕਸ਼ਾ ਅਤੇ ਪੈਸੰਜਰ ਵੈਨ ਵਰਕਰਜ਼ ਯੂਨੀਅਨ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇਥੇ ਸ਼ਹਿਰ ਅੰਦਰ ਤਿਰੰਗਾ ਮਾਰਚ ਕੱਢਿਆ ਗਿਆ।
ਇਸ ਤਿਰੰਗਾ ਮਾਰਚ ਦੌਰਾਨ ਪੈਸੰਜਰ ਗੱਡੀਆਂ ਤੇ ਕਾਰਾਂ ਨੂੰ ਸਥਾਨਕ ਮਿੱਲ ਗਰਾਊਂਡ ਤੋਂ ਯੂਨੀਅਨ ਦੇ ਚੇਅਰਮੈਨ ਵਰਿੰਦਰ ਸਲਵਾਨ, ਨਗਰ ਕੌਂਸਲ ਪ੍ਰਧਾਨ ਅਸਵਨੀ ਦੁੱਗਲ, ਕੌਂਸਲਰ ਰਮੇਸ਼ ਮਸਤਾਨਾ ਤੇ ਹਰਮਿੰਦਰ ਸਿੰਘ ਵਲੋਂ ਤਿੰਰਗਾ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਤਿੰਰਗਾ ਮਾਰਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਵਾਪਸ ਆਰੰਭਿਕ ਸਥਾਨ ’ਤੇ ਸਮਾਪਤ ਹੋਇਆ।