ਪਠਾਨਕੋਟ: ਅਰੁਣਾਚਲ ਪ੍ਰਦੇਸ਼ ਦੇ ਤਮਾਂਗ ਵਿੱਚ ਚੀਨ ਬਾਰਡਰ ’ਤੇ ਗਸ਼ਤ ਦੌਰਾਨ 6 ਫਰਵਰੀ ਨੂੰ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਕੇ ਸ਼ਹੀਦ ਹੋਏ ਰਾਈਫਲਮੈਨ ਅਕਸ਼ੈ ਪਠਾਨੀਆ ਦਾ ਅੱਜ ਸ਼ਰਧਾਂਜਲੀ ਸਮਾਗਮ ਉਸ ਦੇ ਜੱਦੀ ਪਿੰਡ ਚੱਕੜ ਵਿੱਚ ਹੋਇਆ। ਸਮਾਗਮ ਵਿੱਚ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਸ਼ਹੀਦ ਦੇ ਪਿਤਾ ਹਵਾਲਦਾਰ ਸਾਗਰ ਸਿੰਘ ਪਠਾਨੀਆ, ਮਾਤਾ ਰੀਤੂ ਪਠਾਨੀਆ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਅਤੇ ਹੋਰ ਸ਼ਹੀਦਾਂ ਦੇ ਮਾਪਿਆਂ ਨੇ ਸ਼ਾਮਲ ਹੋ ਕੇ ਸ਼ਰਧਾਂਜਲੀ ਦਿੱਤੀ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਅਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਨੂੰ ਪੂਰੇ ਦੇਸ਼ ਦਾ ਸ਼ਹੀਦ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਸ਼ਹੀਦ ਅਕਸ਼ੈ ਪਠਾਨੀਆ ਦੀ ਯਾਦ ਵਿੱਚ ਪਿੰਡ ਅੰਦਰ ਯਾਦਗਾਰੀ ਗੇਟ ਬਣਾਇਆ ਜਾਵੇ ਅਤੇ ਸਕੂਲ ਦਾ ਨਾਂ ਸ਼ਹੀਦ ਦੇ ਨਾਂ ਉਪਰ ਰੱਖਿਆ ਜਾਵੇ। -ਪੱਤਰ ਪ੍ਰੇਰਕ