ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਅਕਤੂਬਰ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਾਂਗਰਸ ਭਵਨ ਵਿੱਚ ਰੱਖੇ ਸਮਾਗਮ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੋਨੀਆ ਅਤੇ ਵਰਕਰਾਂ ਵੱਲੋਂ ਇਨ੍ਹਾਂ ਦੋਵਾਂ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸੇ ਤਰ੍ਹਾਂ ਭਾਜਪਾ ਦੇ ਦਫਤਰ ਖੰਨਾ ਸਮਾਰਕ ਵਿੱਚ ਭਾਜਪਾ ਆਗੂ ਡਾ. ਰਾਮ ਚਾਵਲਾ ਦੀ ਅਗਵਾਈ ਵਿਚ ਭਾਜਪਾ ਆਗੂਆਂ ਨੇ ਇਨ੍ਹਾਂ ਦੋਵਾਂ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਇੱਥੇ ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦਫਤਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਇਸੇ ਦੌਰਾਨ ਸ਼ਹਿਰ ਦੀ ਸਾਫ ਸਫਾਈ ਕਰਨ ਵਾਲੇ ਸਫਾਈ ਸੈਨਿਕਾਂ ਦੇ ਵਿਸ਼ੇਸ਼ ਸਨਮਾਨ ਲਈ ਸਮਾਰੋਹ ਕੀਤਾ ਗਿਆ। ਇਸ ਮੌਕੇ ਨਿਗਮ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਸਿਹਤ ਅਫਸਰ ਯੋਗੇਸ਼ ਸ਼ਰਮਾ, ਚੀਫ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਵਸ ’ਤੇ ਐੱਸਡੀਐੱਮ ਸ਼ਿਵਰਾਜ ਸਿੰਘ ਬੱਲ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐੱਸਡੀਐਮ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੇ ਜਨਮ ਦਿਵਸ ’ਤੇ ਯਾਦ ਕੀਤਾ।
ਪਠਾਨਕੋਟ (ਪੱਤਰ ਪ੍ਰੇਰਕ): ਮਹਾਤਮਾ ਗਾਂਧੀ ਜੈਅੰਤੀ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਸੁਜਾਨਪੁਰ ਦੇ ਇੰਚਾਰਜ ਅਮਿਤ ਸਿੰਘ ਮੰਟੂ ਨੇ ਆਪਣੇ ਪਾਰਟੀ ਵਰਕਰਾਂ ਨਾਲ ਇਥੇ ਮੁੱਖ ਗਾਂਧੀ ਚੌਕ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਣੇ ਸਮਾਰਕ ਦੀ ਸਾਫ-ਸਫਾਈ ਕਰਕੇ ਬੁੱਤ ਉਪਰ ਫੁੱਲ-ਮਾਲਾਵਾਂ ਪਹਿਨਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਗੌਰਵ ਕੁਮਾਰ, ਅਰਜੁਨ ਸਿੰਘ, ਇੰਦਰ ਗੁਰੰਗ, ਅਨੂਪਮ ਕੁਮਾਰ, ਸ਼ੰਮੀ ਸਿੰਘ। ਠਾਕੁਰ ਅਮਿਤ ਸਿੰਘ ਮੰਟੂ ਹਾਜ਼ਰ ਸਨ।
ਪੱਟੀ (ਪੱਤਰ ਪ੍ਰੇਰਕ): ਇੱਥੇ ਅੱਜ ਗਾਂਧੀ ਜੈਅੰਤੀ ਮੌਕੇ ਸ੍ਰੀਮਤੀ ਪ੍ਰਿਆ ਸੂਦ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਤਰਨ ਤਾਰਨ ਦੀ ਰਹਿਨੁਮਾਈ ਹੇਠ ਅਮਨਦੀਪ ਐੱਸਡੀਜੇਐੱਮ ਪੱਟੀ ਦੀ ਅਗਵਾਈ ਹੇਠ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਪੱਟੀ ਵੱਲੋਂ ਪੈਨਲ ਲਾਇਰਜ਼ ਬਾਰ ਐਸੋਸੀਏਸ਼ਨ ਪੱਟੀ ਸਥਾਨਕ ਪੁਲੀਸ ਪ੍ਰਸ਼ਾਸਨ ਅਤੇ ਹੋਰਨਾਂ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਭਾਤ ਫੇਰੀ ਕੱਢੀ ਗਈ। ਇਸ ਮੌਕੇ ਐਸਡੀਜੇਐਮ ਪੱਟੀ ਅਮਨਦੀਪ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੱਖ-ਵੱਖ ਜਾਗਰੂਕਤਾ ਕੈਂਪ 14 ਨਵੰਬਰ ਤੱਕ ਵੱਖ-ਵੱਖ ਥਾਵਾਂ ਤੇ ਲਗਾਏ ਜਾਣਗੇ ।
ਸੇਂਟ ਕਬੀਰ ਸਕੂਲ ਸੁਲਤਾਨਪੁਰ ’ਚ ਗਾਂਧੀ ਜੈਅੰਤੀ ਮਨਾਈ
ਧਾਰੀਵਾਲ: ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਮਨਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਪ੍ਰਿੰਸੀਪਲ ਐੱਸਬੀ ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਚੌਥੀ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਗਾਂਧੀ ਜੀ ਦੇ ਜੀਵਨ ਸਬੰਧੀ ਵਿਚਾਰ ਪੇਸ਼ ਕੀਤੇ। ਅੱਠਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ ਨੇ ਨਾਆਰਿਆਂ ਦੀ ਪੇਸ਼ਕਾਰੀ ਕੀਤੀ। ਛੋਟੇ ਬੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੀਮਾ ਕਾਲੀਆ, ਬਬਿਤਾ ਗੁਪਤਾ, ਸ਼ਰਨਜੀਤ ਕੌਰ, ਵਿਸ਼ਾਲ ਸਿੰਘ, ਟੇਨ ਸਿੰਘ, ਸੰਜੀਵ ਸ਼ਰਮਾ, ਕਰਮਜੀਤ ਕੌਰ ਹਾਜ਼ਰ ਸਨ।-ਪੱਤਰ ਪ੍ਰੇਰਕ