ਐੱਨਪੀ ਧਵਨ
ਪਠਾਨਕੋਟ, 10 ਜਨਵਰੀ
ਭਾਰਤੀ ਸੈਨਾ ਦੀ 23 ਪੰਜਾਬ ਰੈਜੀਮੈਂਟ ਜਿਸ ਤੇ ਬਾਰਡਰ ਫਿਲਮ ਬਣ ਚੁੱਕੀ ਹੈ, ਦੇ ਸ਼ੌਰਿਆ ਚੱਕਰ ਵਿਜੇਤਾ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦਾ 25ਵਾਂ ਸ਼ਰਧਾਂਜਲੀ ਸਮਾਗਮ ਮੇਜਰ ਜਨਰਲ ਐਸਕੇ ਖਜੂਰੀਆ ਦੀ ਅਗਵਾਈ ਵਿੱਚ ਅੱਜ ਇਥੇ ਕੀਤਾ ਗਿਆ ਜਿਸ ਵਿੱਚ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇੰਨ੍ਹਾਂ ਦੇ ਇਲਾਵਾ ਸ਼ਹੀਦ ਦੀ ਮਾਤਾ ਤ੍ਰਿਪਤਾ ਸਲਾਰੀਆ, ਪਿਤਾ ਰਿਟਾਇਰਡ ਕਰਨਲ ਸਾਗਰ ਸਿੰਘ ਸਲਾਰੀਆ, ਕਰਨਲ ਸਵਰਨ ਸਿੰਘ ਸਲਾਰੀਆ, ਫੌਜਾ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਆਦਿ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਹਿਕ ਜੋਗਿੰਦਰ ਪਾਲ ਨੇ ਕਿਹਾ ਕਿ ਲੈਫਟੀਨੈਂਟ ਗੁਰਦੀਪ ਸਿੰਘ ਸਲਾਰੀਆ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਦੇ ਹੋਏ ਅਤਿਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਸਾਨੂੰ ਸਭਨਾਂ ਨੂੰ ਸ਼ਹੀਦਾਂ ਦੇ ਅਜਿਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਸ਼ਹੀਦ ਪਰਿਵਾਰਾਂ ਦਾ ਮਨੋਬਲ ਹੋਰ ਉਚਾ ਹੋ ਸਕੇ। ਅੰਤ ਵਿੱਚ ਸ਼ਹੀਦ ਦੇ ਮਾਤਾ-ਪਿਤਾ ਸਮੇਤ 15 ਸ਼ਹੀਦ ਪਰਿਵਾਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।