ਪੱਤਰ ਪ੍ਰੇਰਕ
ਜੈਂਤੀਪੁਰ, 29 ਅਕਤੂਬਰ
ਟੋਲ ਪਲਾਜ਼ਾ ਕੱਥੂਨੰਗਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ੍ਹ ਅਤੇ ਰਛਪਾਲ ਸਿੰਘ ਟਰਪਈ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਕਿਸਾਨ ਮੋਰਚੇ ਦੇ ਟਿੱਕਰੀ ਬਾਰਡਰ ਤੋਂ ਵਾਪਸੀ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਤਿੰਨ ਕਿਸਾਨ ਬੀਬੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਜ਼ਖ਼ਮੀ ਹੋਈਆਂ ਦੋ ਕਿਸਾਨ ਬੀਬੀਆਂ ਜੋਂ ਜੇਰੇ ਇਲਾਜ਼ ਹਨ, ਦੇ ਜਲਦੀ ਤੰਦਰੁਸਤ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਇਸ ਮੌਕੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਸ਼ਹੀਦ ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਦਸ -ਦਸ ਲੱਖ ਰੁਪਏ ਦੀ ਮਾਇਕ ਸਹਾਇਤਾ ਦਿੱਤੀ ਜਾਵੇ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਹਰਪਾਲ ਸਿੰਘ ਗੋਸਲ, ਗੁਰਮੇਜ਼ ਸਿੰਘ ਥਰੀਏਵਾਲ, ਦਲਬੀਰ ਸਿੰਘ ਮੱਝਵਿੰਡ, ਗੁਰਬਚਨ ਸਿੰਘ ਖੋਦੇਬੇਟ, ਰੁਪਿੰਦਰਜੀਤ ਸਿੰਘ ਮਾਲੇਵਾਲ, ਅਮਨਦੀਪ ਸਿੰਘ ਮੰਗੀਆਂ, ਸਿਮਰਨਜੋਤ ਸਿੰਘ, ਦਿਲਰਾਜ ਸਿੰਘ ਮੋਲੋਵਾਲੀ ਅਤੇ ਹੋਰ ਕਿਸਾਨ ਮਜ਼ਦੂਰ ਆਗੂ ਵੀ ਹਾਜ਼ਰ ਸਨ।ਫਿਲੌਰ(ਪੱਤਰ ਪ੍ਰੇਰਕ): ਅੱਜ ਗੁਰਾਇਆ ਅਤੇ ਫਿਲੌਰ ਵਿਚਕਾਰ ਅੰਬੇਡਕਰ ਫੋਰਸ ਪੰਜਾਬ ਦੇ ਪ੍ਰਧਾਨ ਰਣਜੀਤ ਪੁਆਰ ਵਲੋਂ ਸੱਦੀ ਇੱਕ ਮੀਟਿੰਗ ਕਿਸਾਨ ਜਥੇਬੰਦੀਆਂ ਦੇ ‘ਡਰੋਂ’ ਰੱਦ ਕਰ ਦਿੱਤੀ ਗਈ। ਜਾਣਕਾਰੀ ਮੁਤਾਬਿਕ ਰਣਜੀਤ ਪੁਆਰ ਨੇ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣਾ ਸੀ। ਮੀਟਿੰਗ ਰੱਦ ਹੋਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਜਿਹੜੇ ਮਹਿਮਾਨ ਅੱਜ ਪੁੱਜ ਰਹੇ ਸਨ, ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਕੀ ਉਹ ਅੱਜ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਉਹ ਹੈਰਾਨੀ ਦੇਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਆਗੂਆਂ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਬਾਰੇ ਕੀਤੇ ਸਵਾਲ ‘ਚ ਉਨ੍ਹਾਂ ਕਿਹਾ ਕਿ ਉਹ ਤਾਂ ਕਿਸਾਨਾਂ ਦੇ ਭਲੇ ਲਈ ਹੀ ਕੰਮ ਕਰਨ ਲੱਗੇ ਸਨ ਕਿਉਂਕਿ ਕਿਸਾਨ ਤਾਂ ਉਨ੍ਹਾਂ ਦੇ ਭਰਾ ਹਨ। ਮਗਰੋਂ ਗੁਰਾਇਆ ਦੇ ਥਾਣਾ ਮੁਖੀ ਨੇ ਦੱਸਿਆ ਕਿ ਉਹ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁੱਜੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਸ਼ਾਇਦ ਭਾਜਪਾ ਦੀ ਮੀਟਿੰਗ ਹੋ ਰਹੀ ਹੈ।