ਦਿਲਬਾਗ ਸਿੰਘ ਗਿੱਲ
ਅਟਾਰੀ, 20 ਦਸੰਬਰ
1971 ਦੀ ਭਾਰਤ-ਪਾਕਿ ਜੰਗ ਦੌਰਾਨ ਸ਼ਹੀਦ ਹੋਏ ਸ਼ਹੀਦ ਜੰਗੀ ਨਾਇਕਾਂ ਦੀ 49ਵੀਂ ਬਰਸੀ ਸਬੰਧੀ ਚਲ ਰਹੇ ਦੇਸ਼ ਵਿਆਪੀ ਸ਼ਰਧਾਂਜਲੀ ਸਮਾਗਮਾਂ ਦੇ ਮੌਕੇ ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਕੀ ਮੁਹਾਵਾ ਵਿਖੇ ਜੰਗੀ ਸ਼ਹੀਦਾਂ ਦੀ ਸਾਂਝੀ ਯਾਦਗਾਰ ਵਿਖੇ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਹੋਮਗਾਰਡ ਦੇ ਸ਼ਹੀਦ ਵਲੰਟੀਅਰ ਬਲਕਾਰ ਸਿੰਘ ਸਿੱਧੂ ਵਾਸੀ ਬਾਗੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਛੋਟੇ ਭਰਾ ਤੇ ਪੰਜਾਬੀ ਸੱਭਿਆਚਾਰ ਵਿਕਾਸ ਮੰਚ ਦੇ ਸੂਬਾ ਪ੍ਰਧਾਨ ਸਵਿੰਦਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਬੇਟੇ ਦਲਜਿੰਦਰ ਸਿੰਘ ਸਿੱਧੂ ਨੇ ਸ਼ਹੀਦੀ ਯਾਦਗਾਰ ’ਤੇ ਫੁੱਲ ਮਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਭੇਟ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਸੈਕਟਰ ਹੈਡਕੁਆਰਟਰ ਅੰਮ੍ਰਿਤਸਰ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਧੰਨਵਾਦ ਕੀਤਾ ਤੇ ਦੋਵਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਜੰਗੀ ਯਾਦਗਾਰਾਂ ਵੀ ਕਿਸੇ ਵਿਰਾਸਤ ਤੋਂ ਘੱਟ ਨਹੀਂ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਯੋਗ ਤੇ ਠੋਸ ਉਪਰਾਲੇ ਕੀਤੇ ਜਾਣ ਦੀ ਲੋੜ ਹੈ।ਜ਼ਿਕਰਯੋਗ ਹੈ ਕਿ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦ ਹੋਣ ਵਾਲੇ 4 ਅਸਾਮ ਰੈਜੀਮੈਂਟ ਕਮ ਬਟਾਲੀਅਨ ਦੇ ਹਵਾਲਦਾਰ ਤਨਕੇਸ਼ਵਰ ਦੁਆਰਾ, ਗਨੌਕ ਚੰਦਰਾ ਰਾਇ, ਲਾਲ ਬਿੱਕਾ ਲੁਸਾਂਈ, ਜਿਰੇਨ ਚੰਦਰਾ ਰਾਇ, ਐਚਬੀ ਕੌਗੰਮ ਅਨਾਲ ਤੇ ਪੰਜਾਬ ਹੋਮ ਗਾਰਡ ਦੇ ਵਲੰਟੀਅਰ ਬਲਕਾਰ ਸਿੰਘ ਸਿੱਧੂ ਦੀ ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਭਾਰਤੀ ਖੇਤਰ ’ਚ ਸਾਂਝੀ ਯਾਦਗਾਰ ਸਥਾਪਿਤ ਹੈ।