ਦਲਬੀਰ ਸੱਖੋਵਾਲੀਆ
ਬਟਾਲਾ, 6 ਮਈ
‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਬਟਾਲਾ ਵਾਸੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਕੋਵਿਡ- 19 ਮਹਾਮਾਰੀ ਕਾਰਨ ਭਾਵੇਂ ਕੋਈ ਵੱਡਾ ਸਮਾਗਮ ਨਹੀਂ ਕੀਤਾ ਗਿਆ, ਪਰ ਸ਼ਿਵ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਵਿੱਚ ਬਟਾਲਾ ਵਾਸੀਆਂ ਨੇ ਇੱਕ ਸਾਦਾ ਸਮਾਗਮ ਕਰ ਕੇ ਸ਼ਾਇਰ ਨੂੰ ਯਾਦ ਕੀਤਾ। ਇਸ ਮੌਕੇ ਸ਼ਿਵ ਦੇ ਸਾਥੀ ਅਤੇ ਨਾਮਵਰ ਫੋਟੋਗ੍ਰਾਫਰ ਬਾਬਾ ਹਰਭਜਨ ਸਿੰਘ ਬਾਜਵਾ ਨੇ ਸ਼ਿਵ ਨਾਲ ਗੁਜ਼ਾਰੇ ਦਿਨਾਂ ਨੂੰ ਯਾਦ ਕੀਤਾ।
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਸੁਸਾਇਟੀ ਬਟਾਲਾ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਬਾਬਾ ਹਰਭਜਨ ਸਿੰਘ ਬਾਜਵਾ, ਡਾ. ਅਨੂਪ ਸਿੰਘ, ਦੇਵਿੰਦਰ ਦੀਦਾਰ, ਜਸਵੰਤ ਹਾਂਸ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਸੇਵਾਦਾਰ ਸੂਬਾ ਸਿੰਘ ਖਹਿਰਾ, ਪ੍ਰਸ਼ੋਤਮ ਸਿੰਘ ਲੱਲੀ, ਅਜੀਤ ਕੰਵਲ, ਸੁਲਤਾਨ ਭਾਰਤੀ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਵਰਗਿਸ ਸਲਾਮਤ, ਪ੍ਰੋ. ਜਸਬੀਰ ਸਿੰਘ, ਸੰਧੂ ਬਟਾਲਵੀ, ਰਮੇਸ਼ ਭਗਤ, ਡੀ.ਪੀ.ਆਰ.ਓ. ਇੰਦਰਜੀਤ ਸਿੰਘ ਅਤੇ ਹੋਰ ਸ਼ਿਵ ਸਨੇਹੀਆਂ ਨੇ ਮਰਹੂਮ ਨੂੰ ਆਪਣਾ ਖਿਰਾਜ਼-ਏ-ਅਕੀਦਤ ਭੇਟ ਕੀਤਾ। ਸੁਸਾਇਟੀ ਪ੍ਰਧਾਨ ਡਾ. ਰਵਿੰਦਰ ਸਿੰਘ ਨੇ ਸ਼ਿਵ ਬਟਾਲਵੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਿਵ ਬਟਾਲਵੀ ਨੇ ਇਕੱਲੀ ਬਿਰਹਾ ਦੀ ਕਵਿਤਾ ਹੀ ਨਹੀਂ ਲਿਖੀ ਬਲਕਿ ਸਮਾਜਿਕ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ਵੀ ਸ਼ਾਇਰ ਸੀ। ਕਾਵਿ-ਨਾਟ ‘ਲੂਣਾ’ ਉਸ ਦੀ ਸ਼ਾਹਕਾਰ ਰਚਨਾ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਸ਼ਿਵ ਬਟਾਲਵੀ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਸ਼ਾਇਰ ਹੈ ਜੋ ਹਮੇਸ਼ਾਂ ਲੋਕ ਮਨਾਂ ਵਿੱਚ ਜਿਊਂਦਾ ਰਹੇਗਾ। ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਡਾ. ਅਨੂਪ ਸਿੰਘ ਨੇ ਵੀ ਸ਼ਿਵ ਬਟਾਲਵੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਚਾਨਣਾ ਪਾਇਆ।